ਚੰਡੀਗੜ੍ਹ, 6 ਨਵੰਬਰ| ਪੰਜਾਬ ਸਰਕਾਰ ਨੇ ਸੂਬੇ ਵਿਚ ਮੁੱਖ ਮੰਤਰੀ ਤੀਰਥ ਯਾਤਰਾ ਨਾਂਅ ਦੀ ਨਵੀਂ ਯੋਜਨਾ ਸ਼ੁਰੂ ਕੀਤੀ ਹੈ। ਸੋਮਵਾਰ ਨੂੰ ਕੈਬਨਿਟ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਨੇ ਦਸਿਆ ਕਿ ਇਸ ਸਕੀਮ ਤਹਿਤ ਪੰਜਾਬ ਦੇ ਬਜ਼ੁਰਗ ਦੇਸ਼ ਦੇ ਵੱਖ-ਵੱਖ ਧਾਰਮਿਕ ਸਥਾਨਾਂ ਦੀ ਮੁਫ਼ਤ ਯਾਤਰਾ ਕਰਨਗੇ। ਇਹ ਸਕੀਮ ਆਉਣ ਵਾਲੇ ਗੁਰਪੁਰਬ ਮੌਕੇ ਲਾਗੂ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਸ਼ਹੀਦਾਂ ਦੀਆਂ ਵਿਧਵਾਵਾਂ ਅਤੇ ਪੈਰਾ ਮਿਲਟਰੀ ਫੋਰਸ ਵਿਚ ਸੇਵਾ ਕਰਦੇ ਹੋਏ ਅਪਾਹਜ ਹੋਣ ਵਾਲੇ ਸੈਨਿਕਾਂ ਨੂੰ ਦਿਤੀ ਜਾਣ ਵਾਲੀ ਰਾਸ਼ੀ ਵਿਚ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਵਪਾਰੀਆਂ ਲਈ ਵਨ ਟਾਈਮ ਸੈਟਲਮੈਂਟ ਸਕੀਮ ਬਣਾਈ ਗਈ ਹੈ। ਇਸ ਦੇ ਨਾਲ ਹੀ ਕਾਨੂੰਗੋ ਅਤੇ ਪਟਵਾਰੀਆਂ ਦਾ ਸਾਂਝਾ ਕਾਡਰ ਵੀ ਐਲਾਨਿਆ ਗਿਆ ਹੈ।
ਜੰਗੀ ਜਾਗੀਰ ਪੈਨਸ਼ਨ ਵਿਚ ਵਾਧਾ
ਇਸ ਤੋਂ ਇਲਾਵਾ ਪੰਜਾਬ ਵਿਚ ਪਹਿਲਾਂ ਸ਼ਹੀਦਾਂ ਦੀਆਂ ਵਿਧਵਾਵਾਂ ਨੂੰ ਜੰਗੀ ਜਾਗੀਰ ਵਜੋਂ 10,000 ਰੁਪਏ ਪੈਨਸ਼ਨ ਦਿਤੀ ਜਾਂਦੀ ਸੀ। ਹੁਣ ਇਸ ਨੂੰ ਵਧਾ ਕੇ 20 ਹਜ਼ਾਰ ਰੁਪਏ ਕਰ ਦਿਤਾ ਗਿਆ ਹੈ।
ਪੈਰਾ ਮਿਲਟਰੀ ਫੋਰਸ ’ਚ ਜ਼ਖ਼ਮੀ ਹੋਣ ਵਾਲਿਆਂ ਲਈ ਸਹਾਇਤਾ ਰਾਸ਼ੀ ਵਿਚ ਵਾਧਾ
ਇਸ ਦੇ ਨਾਲ ਹੀ ਅਰਧ ਸੈਨਿਕ ਬਲਾਂ ਵਿਚ ਜ਼ਖ਼ਮੀ ਹੋਣ ਦੀ ਸੂਰਤ ਵਿਚ ਸੈਨਿਕਾਂ ਨੂੰ ਦਿਤੀ ਜਾਣ ਵਾਲੀ ਸਹਾਇਤਾ ਰਾਸ਼ੀ ਵਿਚ ਵੀ ਵਾਧਾ ਕੀਤਾ ਗਿਆ ਹੈ। 76 ਤੋਂ 100 % ਨਕਾਰਾ ਹੋਣ ਵਾਲਿਆਂ ਲਈ ਰਾਸ਼ੀ 20 ਤੋਂ ਵਧਾ ਕੇ 40 ਲੱਖ, 51 ਤੋਂ 75 % ਨਕਾਰਾ ਹੋਣ ਵਾਲਿਆਂ ਲਈ ਰਾਸ਼ੀ 10 ਤੋਂ ਵਧਾ ਕੇ 20 ਲੱਖ ਅਤੇ 25 ਤੋਂ 50 % ਨਕਾਰਾ ਹੋਣ ਵਾਲਿਆਂ ਲਈ ਰਾਸ਼ੀ 5 ਤੋਂ ਵਧਾ ਕੇ 10 ਲੱਖ ਕੀਤੀ ਗਈ ਹੈ।
ਕਾਨੂੰਗੋ- ਪਟਵਾਰੀਆਂ ਦਾ ਬਣਿਆ ਕਾਡਰ
ਪੰਜਵਾਂ ਫੈਸਲਾ ਕਾਨੂੰਗੋ ਅਤੇ ਪਟਵਾਰੀਆਂ ਬਾਰੇ ਹੋਇਆ ਹੈ। ਅੱਜ ਤਕ ਕਾਨੂੰਗੋ ਅਤੇ ਪਟਵਾਰੀਆਂ ਦਾ ਕੋਈ ਸਾਂਝਾ ਕਾਡਰ ਨਹੀਂ ਸੀ। ਸੂਬੇ ਵਿਚ ਅੱਜ ਤੋਂ ਪੰਜਾਬ ਦਾ ਸਾਂਝਾ ਕਾਡਰ ਬਣਾਇਆ ਗਿਆ ਹੈ।