ਪੰਜਾਬ ਨੂੰ ਕੇਂਦਰੀ ਗ੍ਰਾਂਟ ‘ਚ 61 ਫੀਸਦੀ ਦੀ ਕਟੌਤੀ : ਆਮ ਆਦਮੀ ਪਾਰਟੀ ਨੇ ਭਾਜਪਾ ‘ਤੇ ਕੀਤਾ ਹਮਲਾ

0
582

ਚੰਡੀਗੜ੍ਹ, 3 ਨਵੰਬਰ | ਆਮ ਆਦਮੀ ਪਾਰਟੀ (ਆਪ) ਨੇ ਕੇਂਦਰ ਸਰਕਾਰ ਤੋਂ ਪੰਜਾਬ ਨੂੰ ਵੱਖ-ਵੱਖ ਸਕੀਮਾਂ ਤਹਿਤ ਮਿਲਣ ਵਾਲੀਆਂ ਗ੍ਰਾਂਟਾਂ ਵਿਚ ਕਰੀਬ 61 ਫੀਸਦੀ ਕਟੌਤੀ ਨੂੰ ਲੈ ਕੇ ਪੰਜਾਬ ਭਾਜਪਾ ਅਤੇ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ ਹੈ।

ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਅਹਿਬਾਬ ਗਰੇਵਾਲ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਪਾਰਟੀ ਹੈੱਡਕੁਆਰਟਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਿਰੋਧੀ ਧਿਰ ਦੇ ਸ਼ਾਸਨ ਵਾਲੇ ਰਾਜਾਂ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਕਰਨ ਦਾ ਕੰਮ ਕਰ ਰਹੀ ਹੈ। ਪ੍ਰੈੱਸ ਕਾਨਫਰੰਸ ਵਿਚ ਅਹਿਬਾਬ ਗਰੇਵਾਲ ਦੇ ਨਾਲ ‘ਆਪ’ ਆਗੂ ਜਸਤੇਜ ਸਿੰਘ ਅਤੇ ਰਮਨ ਚੰਦੀ ਵੀ ਮੌਜੂਦ ਸਨ।

ਉਨ੍ਹਾਂ ਕਿਹਾ ਕਿ ਜਿੱਥੇ ਉਹ ਆਪਣੀ ਸਰਕਾਰ ਬਣਾਉਣ ਤੋਂ ਅਸਮਰੱਥ ਹਨ, ਉਨ੍ਹਾਂ ਸੂਬਿਆਂ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਕਰਨਾ ਮੋਦੀ ਸਰਕਾਰ ਦੀ ਨੀਤੀ ਹੈ। ਭਾਰਤ ਭਰ ਵਿਚ ਜਿੱਥੇ ਵੀ ਵਿਰੋਧੀ ਸਰਕਾਰਾਂ ਹਨ, ਉੱਥੇ ਕੇਂਦਰੀ ਗ੍ਰਾਂਟਾਂ ਵਿਚ ਭਾਰੀ ਕਟੌਤੀ ਕੀਤੀ ਗਈ ਹੈ। ਇਨ੍ਹਾਂ ਤਰੀਕਿਆਂ ਰਾਹੀਂ ਮੋਦੀ ਸਰਕਾਰ ਪੰਜਾਬ ਅਤੇ ਹੋਰ ਵਿਰੋਧੀ ਸ਼ਾਸਿਤ ਰਾਜਾਂ ਦੇ ਵਿਕਾਸ ਕਾਰਜਾਂ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਉਨ੍ਹਾਂ ਕੇਂਦਰ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਮਿਲਣ ਵਾਲੀਆਂ ਕੇਂਦਰੀ ਗ੍ਰਾਂਟਾਂ ਵਿੱਚ ਕਰੀਬ 7500 ਕਰੋੜ ਰੁਪਏ ਦੀ ਕਟੌਤੀ ਕਿਉਂ ਕੀਤੀ ਗਈ? ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਫੰਡ ਰੋਕਣ ਦਾ ਕਾਰਨ ਦੱਸ ਕੇ ਜਵਾਬ ਦੇਵੇ।

ਉਨ੍ਹਾਂ ਕਿਹਾ ਕਿ ਪੰਜਾਬ ਸਾਲਾਂ ਤੋਂ ਵੱਡੀ ਮਾਤਰਾ ਵਿਚ ਅਨਾਜ ਪੈਦਾ ਕਰਕੇ ਪੂਰੇ ਦੇਸ਼ ਦਾ ਢਿੱਡ ਭਰ ਰਿਹਾ ਹੈ, ਫਿਰ ਵੀ ਕੇਂਦਰ ਸਰਕਾਰ ਹਮੇਸ਼ਾ ਹੀ ਪੰਜਾਬ ਨਾਲ ਆਰਥਿਕ ਵਿਤਕਰਾ ਕਰਦੀ ਹੈ। ਇਹ ਬੇਹੱਦ ਮੰਦਭਾਗਾ ਅਤੇ ਅਫਸੋਸਜਨਕ ਹੈ।

ਗਰੇਵਾਲ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਅਤੇ ਰਾਜਪਾਲ ਦੋਵੇਂ ਹੀ ਹਮੇਸ਼ਾ ਕਹਿੰਦੇ ਹਨ ਕਿ ਅਸੀਂ ਪੰਜਾਬ ਦੇ ਸ਼ੁਭਚਿੰਤਕ ਹਾਂ ਤਾਂ ਕੀ ਸੁਨੀਲ ਜਾਖੜ ਅਤੇ ਰਾਜਪਾਲ ਇਸ ਮਾਮਲੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਹਿਣਗੇ ਕਿ ਗ੍ਰਾਂਟਾਂ ਰੁਕਣ ਨਾਲ ਪੰਜਾਬ ਦੀ ਤਰੱਕੀ ‘ਚ ਰੁਕਾਵਟ ਪੈਦਾ ਹੋ ਰਹੀ ਹੈ। ਪੰਜਾਬ ਦੇ ਵਿਕਾਸ ਕਾਰਜ, ਇਸ ਲਈ ਪੰਜਾਬ ਨੂੰ ਗਰਾਂਟ ਦੀ ਸਾਰੀ ਰਾਸ਼ੀ ਜਲਦੀ ਜਾਰੀ ਕੀਤੀ ਜਾਵੇ?

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਚਾਹੇ ਜਿੰਨੇ ਮਰਜ਼ੀ ਫੰਡ ਰੋਕ ਲਵੇ, ਉਹ ਪੰਜਾਬ ਦੀ ਤਰੱਕੀ ਨੂੰ ਨਹੀਂ ਰੋਕ ਸਕਦੀ। ਮਾਨ ਸਰਕਾਰ ਪੰਜਾਬ ਨੂੰ ਆਰਥਿਕ ਤੌਰ ‘ਤੇ ਖੁਸ਼ਹਾਲ ਬਣਾਉਣ ਲਈ ਵਚਨਬੱਧ ਹੈ। ਅਸੀਂ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਗ੍ਰਾਂਟਾਂ ਨੂੰ ਰੋਕਣ ਨਾਲ ਪੰਜਾਬ ਦੀ ਤਰੱਕੀ ਵਿੱਚ ਕੋਈ ਰੁਕਾਵਟ ਨਹੀਂ ਆਉਣ ਦੇਣਗੇ। ਉਨ੍ਹਾਂ ਦੇ ਯਤਨਾਂ ਸਦਕਾ ਅੱਜ ਪੰਜਾਬ ਦਾ ਮਾਲੀਆ ਲਗਾਤਾਰ ਵਧ ਰਿਹਾ ਹੈ ਅਤੇ ਨਿਵੇਸ਼ ਵੀ ਵਧ ਰਿਹਾ ਹੈ।