ਖਡੂਰ ਸਾਹਿਬ ‘ਚ ਕਾਰ ਸਵਾਰ ਪਤੀ-ਪਤਨੀ ਦੀ ਟਰੈਕਟਰ ਨਾਲ ਹੋਈ ਭਿਆਨਕ ਟੱਕਰ; ਦੋਵਾਂ ਦੀ ਦਰਦਨਾਕ ਮੌਤ

0
1541

ਤਰਨਤਾਰਨ, 29 ਅਕਤੂਬਰ | ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਮੋਹਨਪੁਰ ਵਿਖੇ ਇਕ ਕਾਰ ਦੀ ਪਰਾਲੀ ਨਾਲ ਭਰੇ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ। ਹਾਦਸੇ ਵਿਚ ਪਤੀ-ਪਤਨੀ ਦੀ ਮੌਤ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਜਾਣਕਾਰੀ ਅਨੁਸਾਰ ਇਹ ਹਾਦਸਾ ਕੱਲ ਰਾਤ ਨੂੰ ਵਾਪਰਿਆ।

ਮ੍ਰਿਤਕ ਪਤੀ-ਪਤਨੀ ਦੀ ਪਛਾਣ ਅਮਨਦੀਪ ਸਿੰਘ ਅਤੇ ਕਿਰਨਬੀਰ ਕੌਰ ਵਾਸੀ ਪਿੰਡ ਜੰਡ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪਰਾਲੀ ਨਾਲ ਲੱਦਿਆ ਟਰੈਕਟਰ ਰਾਤ ਦੇ ਹਨੇਰੇ ਵਿਚ ਸੜਕ ‘ਤੇ ਖੜ੍ਹਾ ਸੀ ਅਤੇ ਕਾਰ ਚਾਲਕ ਨੂੰ ਰਾਤ ਦੇ ਹਨੇਰੇ ਵਿਚ ਇਹ ਟਰੈਕਟਰ ਟਰਾਲੀ ਨਹੀਂ ਦਿਖਾਈ ਦਿੱਤੀ ਤੇ ਹਾਦਸਾ ਵਾਪਰ ਗਿਆ।

ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ। ਥਾਣਾ ਚੋਹਲਾ ਸਾਹਿਬ ਦੇ ਐੱਸਐੱਚਓ ਵਿਨੋਦ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਟਰੈਕਟਰ-ਟਰਾਲੀ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ।