ਚੰਡੀਗੜ੍ਹ, 29 ਅਕਤੂਬਰ | ਚੰਡੀਗੜ੍ਹ ਸਥਿਤ ਫਾਰਮਾਸਿਊਟੀਕਲ ਕੰਪਨੀ ਪੈਰਾਬੋਲਿਕ ਡਰੱਗਜ਼ ਕੰਪਨੀ ਦੇ ਪ੍ਰਮੋਟਰਾਂ ਪ੍ਰਣਵ ਗੁਪਤਾ, ਵਿਨੀਤ ਗੁਪਤਾ ਅਤੇ ਚਾਰਟਰਡ ਅਕਾਊਂਟੈਂਟ ਸੁਰਜੀਤ ਬਾਂਸਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗ੍ਰਿਫਤਾਰ ਕੀਤਾ। ਵਿਨੀਤ ਨੂੰ ਦਿੱਲੀ ਤੋਂ ਅਤੇ ਪ੍ਰਣਵ ਅਤੇ ਬਾਂਸਲ ਨੂੰ ਪੰਚਕੂਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਇਨ੍ਹਾਂ ਤਿੰਨਾਂ ਨੂੰ ਈਡੀ ਨੇ 1626.74 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦੇ ਦੋਸ਼ ਵਿਚ ਫੜਿਆ ਸੀ। ਸ਼ਨੀਵਾਰ ਰਾਤ ਨੂੰ ਈਡੀ ਚੰਡੀਗੜ੍ਹ ਦੇ ਅਸਿਸਟੈਂਟ ਡਾਇਰੈਕਟਰ ਪੰਕਜ ਭਟਨਾਗਰ ਅਤੇ ਉਨ੍ਹਾਂ ਦੀ ਟੀਮ ਉਸ ਨੂੰ ਚੰਡੀਗੜ੍ਹ ਲੈ ਕੇ ਆਈ ਅਤੇ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ। ਉੱਥੇ ਈਡੀ ਦੇ ਵਕੀਲ ਨੇ ਉਸ ਦਾ 14 ਦਿਨ ਦਾ ਰਿਮਾਂਡ ਮੰਗਿਆ। ਈਡੀ ਦੇ ਵਕੀਲ ਨੇ ਦਲੀਲ ਦਿੱਤੀ ਕਿ ਅਜੇ ਵੀ ਉਨ੍ਹਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਅਦਾਲਤ ਨੇ ਇਨ੍ਹਾਂ ਦਾ 5 ਦਿਨ ਦਾ ਰਿਮਾਂਡ ਮਨਜ਼ੂਰ ਕਰ ਲਿਆ ਹੈ।
ਸੈਂਟਰਲ ਬੈਂਕ ਆਫ ਇੰਡੀਆ ਸਮੇਤ 12 ਬੈਂਕਾਂ ਦੀ ਸ਼ਿਕਾਇਤ ‘ਤੇ ਉਨ੍ਹਾਂ ਖਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਸੀ। ਆਰੋਪਾਂ ਅਨੁਸਾਰ ਉਸ ਨੇ ਆਪਣੀ ਫਾਰਮਾਸਿਊਟੀਕਲ ਕੰਪਨੀ ਲਈ ਇਨ੍ਹਾਂ ਬੈਂਕਾਂ ਤੋਂ ਕਰੋੜਾਂ ਰੁਪਏ ਦਾ ਕਰਜ਼ਾ ਲਿਆ ਅਤੇ ਇਸ ਦੀ ਦੁਰਵਰਤੋਂ ਕੀਤੀ। ਉਸ ਨੇ ਬੈਂਕ ਦੇ ਕਰਜ਼ੇ ਦੇ ਪੈਸੇ ਨੂੰ ਆਪਣੀਆਂ ਹੋਰ ਕੰਪਨੀਆਂ ਵਿਚ ਨਿਵੇਸ਼ ਕੀਤਾ। ਦਸੰਬਰ 2021 ਵਿਚ ਸੀਬੀਆਈ ਨੇ ਉਸ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ। ਇਸ ਵਿਚ ਕੰਪਨੀ ਦੇ ਪ੍ਰਮੋਟਰਾਂ ਤੋਂ ਇਲਾਵਾ ਕਈ ਡਾਇਰੈਕਟਰਾਂ ਦੇ ਨਾਂ ਵੀ ਦਰਜ ਹਨ। ਹੁਣ ਈਡੀ ਨੇ ਵੀ ਇਸ ਮਾਮਲੇ ਵਿਚ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਕਰੋੜਾਂ ਰੁਪਏ ਦੇ ਇਸ ਬੈਂਕ ਫਰਾਡ ਵਿਚ ਸ਼ਹਿਰ ਦੇ ਇਕ ਵੱਡੇ ਸ਼ਰਾਬ ਕਾਰੋਬਾਰੀ ਦਾ ਨਾਂ ਵੀ ਸਾਹਮਣੇ ਆਇਆ ਹੈ। ਸ਼ਨੀਵਾਰ ਨੂੰ ਈਡੀ ਨੇ ਉਸ ਦੇ ਦਫ਼ਤਰ ਦੀ ਤਲਾਸ਼ੀ ਲਈ, ਹਾਲਾਂਕਿ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।