ਕਪੂਰਥਲਾ : ਨੌਜਵਾਨ ਨੂੰ ਰੰਜਿਸ਼ਨ ਕਾਰ ਸਵਾਰਾਂ ਨੇ ਮਾਰੀ ਟੱਕਰ; ਕੁੱਟਮਾਰ ਮਗਰੋਂ ਗੱਡੀ ਦੇ ਬੋਨਟ ‘ਤੇ ਘੜੀਸਿਆ

0
919

ਸੁਲਤਾਨਪੁਰ ਲੋਧੀ, 27 ਅਕਤੂਬਰ | ਪਿੰਡ ਗਾਂਧਾ ਸਿੰਘ ਵਾਲਾ (ਟਿੱਬਾ) ਦੇ 2 ਪਰਿਵਾਰਾਂ ਵਿਚ ਕਾਫੀ ਸਮੇਂ ਤੋਂ ਚੱਲ ਰਹੇ ਵਿਵਾਦ ਵਿਚ ਅੱਜ ਉਦੋਂ ਨਵਾਂ ਮੋੜ ਆ ਗਿਆ ਜਦੋਂ ਇਕ ਧਿਰ ਦੇ ਬਲਜਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਨੇ ਪਿੰਡ ਸਾਲਾਪੁਰ ਬੇਟ ਦੇ ਬੱਸ ਸਟੈਂਡ ਦੇ ਨਜ਼ਦੀਕ ਆਪਣੀ ਤੇਜ਼ ਰਫ਼ਤਾਰ ਗੱਡੀ ਨਾਲ ਦੂਜੀ ਧਿਰ ਦੇ ਨੌਜਵਾਨ ਹਰਮਨਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਨਿਵਾਸੀ ਗਾਂਧਾ ਸਿੰਘ ਵਾਲਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਤੇ 15 ਸਾਥੀਆਂ ਸਮੇਤ ਟੱਕਰ ਮਾਰੀ। ਟੱਕਰ ਵੱਜਣ ਤੋਂ ਬਾਅਦ ਉਕਤ ਨੌਜਵਾਨ ਹਰਮਨਪ੍ਰੀਤ ਸਿੰਘ ਕਿਸੇ ਤਰ੍ਹਾਂ ਗੱਡੀ ਦੇ ਬੋਨਟ ‘ਤੇ ਜਾ ਡਿੱਗਿਆ, ਜਿਸ ਤੋਂ ਬਾਅਦ ਗੱਡੀ ਚਾਲਕ ਬਲਜਿੰਦਰ ਵੱਲੋਂ ਉਸ ਨੂੰ ਗੱਡੀ ਦੇ ਬੋਨਟ ਉਤੇ ਲਟਕਾ ਕੇ ਕਰੀਬ 10 ਕਿਲੋਮੀਟਰ ਤਕ ਘੁਮਾਇਆ ਗਿਆ।

ਇਲਾਜ ਅਧੀਨ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸੁਲਤਾਨਪੁਰ ਲੋਧੀ ਵਿਖੇ ਇਕ ਅਕੈਡਮੀ ‘ਚ ਆਈਲੈਟਸ ਦੀ ਤਿਆਰੀ ਕਰ ਰਿਹਾ ਹੈ ਤੇ ਹਰ ਰੋਜ਼ ਅਕੈਡਮੀ ਜਾਂਦਾ ਹੈ। ਅੱਜ ਜਦੋਂ ਉਹ ਪਿੰਡ ਸ਼ਾਲਾਪੁਰ ਬੇਟ ਦੇ ਨੇੜੇ ਖੜ੍ਹਾ ਸੀ ਤਾਂ ਇਕ ਤੇਜ਼ ਰਫ਼ਤਾਰ ਗੱਡੀ ਆਈ ਅਤੇ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਗੱਡੀ ਨੂੰ ਮੇਰੇ ਪਿੰਡ ਦਾ ਬਲਜਿੰਦਰ ਸਿੰਘ ਚਲਾ ਰਿਹਾ ਸੀ।

ਟੱਕਰ ਵੱਜਣ ਤੋਂ ਬਾਅਦ ਮੈਂ ਗੱਡੀ ਦੇ ਬੋਨਟ ਉਤੇ ਜਾ ਡਿੱਗਾ। ਗੱਡੀ ਰੋਕਣ ਦੀ ਬਜਾਏ ਉਕਤ ਵਿਅਕਤੀ ਮੈਨੂੰ ਬੋਨਟ ਉਤੇ ਲਟਕਾ ਕੇ ਸੁਲਤਾਨਪੁਰ ਲੋਧੀ ਵੱਲ ਨੂੰ ਲੈ ਗਿਆ ਅਤੇ ਕਰੀਬ ਇਕ ਘੰਟਾ ਗੱਡੀ ਦੇ ਬੋਨਟ ਉਤੇ ਹੀ ਮੈਨੂੰ ਘਸੀਟਦਾ ਰਿਹਾ। ਕਪੂਰਥਲਾ ਰੋਡ ਉਤੇ ਪਿੰਡ ਡਡਵਿੰਡੀ ਨੇੜੇ ਛਾਲ ਮਾਰ ਕੇ ਜਾਨ ਬਚਾਈ, ਜਿਸ ਤੋਂ ਬਾਅਦ ਮੈਂ ਜ਼ਖ਼ਮੀ ਹਾਲਤ ਵਿਚ ਮੇਰੇ ਚਾਚੇ ਸੁਰਜੀਤ ਸਿੰਘ ਬੱਗਾ ਨੇ ਸਿਵਲ ਹਸਪਤਾਲ ਟਿੱਬਾ ਵਿਖੇ ਇਲਾਜ ਲਈ ਲਿਆਂਦਾ।

ਪਰਿਵਾਰਕ ਮੈਂਬਰ ਸੁਰਜੀਤ ਸਿੰਘ ਬੱਗਾ ਨੇ ਦੱਸਿਆ ਕਿ ਉਕਤ ਬਲਜਿੰਦਰ ਸਿੰਘ ਨਾਲ ਉਨ੍ਹਾਂ ਦਾ ਪੁਰਾਣਾ ਵਿਵਾਦ ਚੱਲ ਰਿਹਾ ਹੈ, ਇਸ ਉਪਰ ਕਈ ਮਾਮਲੇ ਦਰਜ ਹਨ। ਉਕਤ ਬਲਜਿੰਦਰ ਸਿੰਘ ਤੇ ਇਸਦੇ ਰਿਸ਼ਤੇਦਾਰ ਸਾਡੇ ਉੱਪਰ ਪਹਿਲਾਂ ਵੀ ਕਈ ਵਾਰ ਹਮਲਾ ਕਰ ਚੁੱਕੇ ਹਨ। ਸੁਰਜੀਤ ਬੱਗਾ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਲਜਿੰਦਰ ਸਿੰਘ ਅਤੇ ਇਸ ਦੇ ਰਿਸ਼ਤੇਦਾਰਾਂ ਤੋਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਖਤਰਾ ਹੈ। ਉੱਧਰ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਵੱਖ-ਵੱਖ ਥਾਵਾਂ ਉਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਦੇਖਿਆ ਜਾ ਰਿਹਾ ਹੈ।