ਲੁਧਿਆਣਾ : ਤੇਜ਼ ਰਫਤਾਰ ਟਰੱਕ ਨੇ ਬਾਈਕ ਸਵਾਰ ਨੌਜਵਾਨ ਨੂੰ ਕੁਚਲਿਆ; ਮਹੀਨੇ ਬਾਅਦ ਕਰਨ ਨੇ ਜਾਣਾ ਸੀ ਵਿਦੇਸ਼

0
465

ਲੁਧਿਆਣਾ, 24 ਅਕਤੂਬਰ | ਲੁਧਿਆਣਾ ਦੇ ਸਮਰਾਲਾ ਚੌਕ ਨੇੜੇ ਬਾਈਕ ਸਵਾਰ ਨੌਜਵਾਨ ਨੂੰ ਟਰੱਕ ਨੇ ਕੁਚਲ ਦਿੱਤਾ। ਟਰੱਕ ਦਾ ਟਾਇਰ ਨੌਜਵਾਨ ਦੇ ਸਿਰ ਉਪਰੋਂ ਲੰਘ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਲੋਕਾਂ ਨੇ ਟਰੱਕ ਚਾਲਕ ਦਾ ਪਿੱਛਾ ਕੀਤਾ ਅਤੇ ਕੁਝ ਹੀ ਦੂਰੀ ‘ਤੇ ਉਸ ਨੂੰ ਫੜ ਲਿਆ ਅਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।

ਥਾਣਾ ਮੋਤੀ ਨਗਰ, ਡਵੀਜ਼ਨ ਨੰਬਰ 3 ਅਤੇ ਚੌਕੀ ਜਨਕਪੁਰੀ ਦੀ ਪੁਲਿਸ ਘਟਨਾ ਵਾਲੀ ਥਾਂ ’ਤੇ ਪੁੱਜੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨੌਜਵਾਨ ਚੀਮਾ ਚੌਕ ਤੋਂ ਸਮਰਾਲਾ ਚੌਕ ਵੱਲ ਜਾ ਰਿਹਾ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਕਰਨ ਨਿਵਾਸੀ ਸੁਭਾਸ਼ ਨਗਰ ਨੇੜੇ ਚੰਦਰਲੋਕ ਕਾਲੋਨੀ ਵਜੋਂ ਹੋਈ ਹੈ। ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਕਰਨ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ ਤੇ ਕੁਝ ਮਹੀਨੇ ਬਾਅਦ ਵਿਦੇਸ਼ ਚਲੇ ਵੀ ਜਾਣਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਟਰੱਕ ਡਰਾਈਵਰ ਦੀ ਮੈਡੀਕਲ ਜਾਂਚ ਕਰਵਾਈ ਜਾਵੇ। ਉਨ੍ਹਾਂ ਨੂੰ ਸ਼ੱਕ ਹੈ ਕਿ ਹਾਦਸੇ ਸਮੇਂ ਡਰਾਈਵਰ ਨਸ਼ੇ ‘ਚ ਸੀ। ਚਸ਼ਮਦੀਦਾਂ ਮੁਤਾਬਕ ਟਰੱਕ ਡਰਾਈਵਰ ਤੇਜ਼ ਰਫ਼ਤਾਰ ‘ਚ ਸੀ।

ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਹਾਦਸੇ ਤੋਂ ਬਾਅਦ ਕਰੀਬ ਡੇਢ ਘੰਟੇ ਤੱਕ ਐਂਬੂਲੈਂਸ ਮੌਕੇ ‘ਤੇ ਨਹੀਂ ਪਹੁੰਚੀ। ਪੁਲਿਸ ਨੇ ਘਟਨਾ ਵਾਲੀ ਥਾਂ ’ਤੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ। ਦੋਸ਼ੀ ਟਰੱਕ ਡਰਾਈਵਰ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ ਹੈ। ਫਿਲਹਾਲ ਪੁਲਿਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ।