ਲੁਧਿਆਣਾ ‘ਚ ਦਰਦਨਾਕ ਹਾਦਸਾ : ਬੇਕਾਬੂ ਤੇਜ਼ ਰਫਤਾਰ ਕਾਰ ਫਲਾਈਓਵਰ ਤੋਂ ਹੇਠਾਂ ਡਿੱਗੀ; 1 ਨੌਜਵਾਨ ਦੀ ਮੌਤ, 4 ਗੰਭੀਰ

0
735

ਲੁਧਿਆਣਾ, 9 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਗਰਾਓਂ ਕਸਬੇ ਵਿਚ ਦੇਰ ਰਾਤ ਗੋਬਿੰਦ ਕਾਲੋਨੀ ਡਿਸਪੋਜ਼ਲ ਰੋਡ ’ਤੇ ਰਾਜਾ ਢਾਬੇ ਦੇ ਸਾਹਮਣੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ 25 ਫੁੱਟ ਉੱਚੇ ਪੁਲ ਤੋਂ ਡਿੱਗ ਗਈ। ਹਾਦਸੇ ਦੌਰਾਨ ਕਾਰ ਵਿਚ 5 ਨੌਜਵਾਨ ਸਵਾਰ ਸਨ, ਜਿਨ੍ਹਾਂ ਵਿਚੋਂ ਇਕ ਨੌਜਵਾਨ ਦੀ ਮੌਤ ਹੋ ਗਈ। 4 ਨੌਜਵਾਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਸਾਰੇ ਨੌਜਵਾਨ ਲੁਧਿਆਣਾ ਤੋਂ ਜਗਰਾਓਂ ਆ ਰਹੇ ਸਨ। ਕਾਰ ਦੀ ਰਫ਼ਤਾਰ ਤੇਜ਼ ਸੀ। ਅਚਾਨਕ ਕਾਰ ਅਸੰਤੁਲਿਤ ਹੋ ਗਈ ਅਤੇ ਪੁਲ ਦੀ ਰੇਲਿੰਗ ਨਾਲ ਟਕਰਾਅ ਕੇ ਹੇਠਾਂ ਡਿੱਗ ਗਈ। ਰਾਹਗੀਰਾਂ ਦੀ ਮਦਦ ਨਾਲ ਕਾਰ ਵਿਚ ਸਵਾਰ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ।

ਘਟਨਾ ਵਾਲੀ ਥਾਂ ‘ਤੇ ਹੀ ਅੰਕਿਤ ਲੂਥਰਾ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ। ਉਸ ਦੇ 4 ਦੋਸਤਾਂ ਨੂੰ ਜਗਰਾਓਂ ਦੇ ਕਲਿਆਣੀ ਹਸਪਤਾਲ ਲਿਜਾਇਆ ਗਿਆ ਜਿਥੇ 3 ਨੌਜਵਾਨਾਂ ਨੂੰ ਲੁਧਿਆਣਾ ਡੀ. ਐਮ. ਸੀ. ਰੈਫਰ ਕਰ ਦਿੱਤਾ ਗਿਆ। 3 ਜ਼ਖ਼ਮੀਆਂ ਦੀ ਪਛਾਣ ਜਤਿਨ ਬਾਂਸਲ, ਰਿੰਕਲ ਅਰੋੜਾ ਅਤੇ ਪੰਕਜ ਬਾਂਸਲ ਵਜੋਂ ਹੋਈ ਹੈ।

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ। ਪੁਲਿਸ ਮੁਤਾਬਕ ਉਹ ਇਲਾਕੇ ਦੇ ਸੀਸੀਟੀਵੀ ਵੀ ਚੈੱਕ ਕਰਨਗੇ ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।