ਜਲੰਧਰ ‘ਚ ਫਰਿੱਜ ਦਾ ਕੰਪ੍ਰੈਸ਼ਰ ਫਟਣ ਨਾਲ 3 ਬੱਚਿਆਂ ਸਮੇਤ ਪਰਿਵਾਰ ਦੇ 5 ਜੀਆਂ ਦੀ ਸੜਨ ਨਾਲ ਮੌਤ

0
1514

ਜਲੰਧਰ, 9 ਅਕਤੂਬਰ | ਇਥੋਂ ਦੇ ਅਵਤਾਰ ਨਗਰ ਵਿਚ ਦੇਰ ਰਾਤ ਇਕ ਘਰ ਵਿਚ ਅੱਗ ਲੱਗ ਗਈ। ਅੱਗ ਲੱਗਣ ਦੀ ਇਸ ਘਟਨਾ ਵਿਚ 3 ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਪ੍ਰਸ਼ਾਸਨ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਮਰਨ ਵਾਲਿਆਂ ‘ਚ ਘਰ ਦਾ ਮਾਲਕ ਵੀ ਸ਼ਾਮਲ ਹੈ, ਜਦਕਿ ਘਰ ਦੇ ਬਾਹਰ ਬੈਠੀ ਉਸ ਦੀ ਬਜ਼ੁਰਗ ਪਤਨੀ ਸੁਰੱਖਿਅਤ ਬਚ ਗਈ। ਮ੍ਰਿਤਕਾਂ ਦੀ ਪਛਾਣ ਰੁਚੀ, ਦੀਆ, ਇੰਦਰਪਾਲ, ਯਸ਼ਪਾਲ ਘਈ ਅਤੇ ਮਨਸ਼ਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਜਦੋਂ ਇਹ ਹਾਦਸਾ ਵਾਪਰਿਆਂ ਤਾਂ ਪੂਰਾ ਪਰਿਵਾਰ ਕ੍ਰਿਕਟ ਮੈਚ ਦੇਖ ਰਿਹਾ ਸੀ।

ਮ੍ਰਿਤਕ ਯਸ਼ਪਾਲ ਘਈ ਦੇ ਭਰਾ ਰਾਜ ਘਈ ਨੇ ਦੱਸਿਆ ਕਿ ਉਸ ਦੇ ਭਰਾ ਨੇ 7 ਮਹੀਨੇ ਪਹਿਲਾਂ ਹੀ ਨਵਾਂ ਡਬਲ ਡੋਰ ਫਰਿੱਜ ਖਰੀਦਿਆ ਸੀ। ਉਸ ਦੇ ਕੰਪ੍ਰੈਸ਼ਰ ‘ਚ ਜ਼ਬਰਦਸਤ ਧਮਾਕਾ ਹੋਇਆ ਅਤੇ ਇਸ ਤੋਂ ਬਾਅਦ ਘਰ ‘ਚ ਅੱਗ ਲੱਗ ਗਈ। ਉਸ ਦਾ ਭਰਾ ਜਿਸ ਦੀ ਉਮਰ ਕਰੀਬ 65 ਸਾਲ ਸੀ, ਘਰ ਦੇ ਅੰਦਰ ਬੈਠੇ ਉਸ ਦਾ ਲੜਕਾ, ਨੂੰਹ ਅਤੇ 2 ਧੀਆਂ ਨੂੰ ਬਾਹਰ ਜਾਣ ਦਾ ਮੌਕਾ ਨਹੀਂ ਮਿਲਿਆ।

ਫਰਿੱਜ ਦੇ ਕੰਪ੍ਰੈਸ਼ਰ ‘ਚ ਧਮਾਕਾ ਹੋਣ ਤੋਂ ਬਾਅਦ ਘਰ ਦੇ ਨਾਲ-ਨਾਲ ਗਲੀ ‘ਚ ਵੀ ਗੈਸ ਫੈਲ ਗਈ। ਗੈਸ ਕਾਰਨ ਘਰ ‘ਚ ਇੰਨੀ ਭਿਆਨਕ ਅੱਗ ਲੱਗ ਗਈ ਕਿ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਦੇਰ ਰਾਤ ਤਕ ਇਸ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਰਹੇ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ 2 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਪਰ ਜਦੋਂ ਅੱਗ ‘ਤੇ ਕਾਬੂ ਨਾ ਪਾਇਆ ਜਾ ਸਕਿਆ ਤਾਂ ਫਾਇਰ ਬ੍ਰਿਗੇਡ ਦੀਆਂ ਹੋਰ ਗੱਡੀਆਂ ਨੂੰ ਮੌਕੇ ‘ਤੇ ਬੁਲਾਉਣਾ ਪਿਆ।

ਬੁਰੀ ਤਰ੍ਹਾਂ ਸੜੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ‘ਚੋਂ ਬਾਹਰ ਕੱਢਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ। ਸਿਵਲ ਹਸਪਤਾਲ ਵਿਖੇ ਡਾਕਟਰਾਂ ਨੇ ਪਰਿਵਾਰ ਦੇ 3 ਜੀਆਂ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ 2 ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ। ਦੋਵਾਂ ਮੈਂਬਰਾਂ ਦੀ ਇਕ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ।