ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਨੌਜਵਾਨ ਤੋਂ ਪਿਸਤੌਲ ਦੀ ਨੋਕ ‘ਤੇ ਖੋਹੀ ਕਾਰ

0
1545

ਲੁਧਿਆਣਾ, 7 ਅਕਤੂਬਰ | ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਘਰ ਵਾਪਸ ਜਾ ਰਹੇ ਵਿਅਕਤੀ ਉੱਪਰ ਪਿਸਤੌਲ ਤਾਣ ਕੇ ਉਸਦੀ ਸਵਿਫਟ ਕਾਰ ਲੁੱਟ ਲਈ ਗਈ। ਕਾਰ ਚਾਲਕ ਨੇ ਜਦੋਂ ਵਿਰੋਧ ਕੀਤਾ ਤਾਂ ਬਦਮਾਸ਼ ਨੇ ਉਸ ਨੂੰ ਗੋਲੀ ਮਾਰ ਦੇਣ ਦੀ ਧਮਕੀ ਦਿੱਤੀ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਪਿੰਡ ਲਾਲਵਾ ਤਹਿਸੀਲ ਪਾਤੜਾਂ ਪਟਿਆਲਾ ਦੇ ਰਹਿਣ ਵਾਲੇ ਮਨਦੀਪ ਸਿੰਘ ਦੀ ਸ਼ਿਕਾਇਤ ‘ਤੇ ਅਣਪਛਾਤੇ ਬਦਮਾਸ਼ ਖਿਲਾਫ ਕੇਸ ਦਰਜ ਕਰ ਲਿਆ ਹੈ।

ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਵਿਚ ਮੱਥਾ ਟੇਕਣ ਲਈ ਅੰਮ੍ਰਿਤਸਰ ਗਿਆ ਹੋਇਆ ਸੀ। ਦੇਰ ਰਾਤ ਮਨਦੀਪ ਦਰਬਾਰ ਸਾਹਿਬ ਤੋਂ ਆਪਣੇ ਘਰ ਪਟਿਆਲਾ ਵੱਲ ਨੂੰ ਚੱਲ ਪਿਆ। ਤੜਕੇ 4 ਵਜੇ ਉਹ ਜਿਵੇਂ ਹੀ ਸਮਰਾਲਾ ਚੌਕ ਵਿਚ ਪਹੁੰਚਿਆ ਤਾਂ ਉਸਦੀ ਅੱਖ ਲੱਗ ਗਈ। ਮਨਦੀਪ ਸਿੰਘ ਨੇ ਗੱਡੀ ਚੌਕ ਵਿਚ ਹੀ ਖੜ੍ਹੀ ਕੀਤੀ ਅਤੇ ਨਾਲ ਵਾਲੀ ਸੀਟ ਉਤੇ ਸੌਂ ਗਿਆ।

ਇਸ ਦੌਰਾਨ ਇਕ ਵਿਅਕਤੀ ਗੱਡੀ ਕੋਲ ਆਇਆ ਅਤੇ ਸ਼ੀਸ਼ੇ ਉੱਪਰ ਪਿਸਤੌਲ ਲਗਾ ਦਿੱਤੀ। ਬਦਮਾਸ਼ ਨੇ ਗੋਲੀ ਮਾਰਨ ਦੀ ਧਮਕੀ ਦੇ ਕੇ ਗੱਡੀ ਰੁਕਵਾਈ ਤੇ ਮਨਦੀਪ ਸਿੰਘ ਨੂੰ ਗੱਡੀ ‘ਚੋਂ ਬਾਹਰ ਕੱਢ ਕੇ ਕਾਰ ਲੈ ਕੇ ਫਰਾਰ ਹੋ ਗਿਆ। ਬਦਮਾਸ਼ ਕਾਰ ਲੈ ਕੇ ਚੰਡੀਗੜ੍ਹ ਰੋਡ ਵੱਲ ਫਰਾਰ ਹੋ ਗਿਆ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਦਾ ਕਹਿਣਾ ਹੈ ਕਿ ਮਨਦੀਪ ਸਿੰਘ ਦੀ ਸ਼ਿਕਾਇਤ ਉਤੇ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸਮਰਾਲਾ ਚੌਕ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨ ਵਿਚ ਜੁੱਟ ਗਈ ਹੈ।