ਲੁਧਿਆਣਾ, 4 ਅਕਤੂਬਰ | ਮੁੱਲਾਂਪੁਰ ਰੇਲਵੇ ਸਟੇਸ਼ਨ ਤੋਂ ਕੁਝ ਦੂਰੀ ‘ਤੇ ਮੰਗਲਵਾਰ ਦੇਰ ਸ਼ਾਮ ਇਕ ਮਾਲ ਗੱਡੀ ਦੇ ਕੁੱਝ ਡੱਬੇ ਪਟੜੀ ਤੋਂ ਉਤਰ ਗਏ। ਲੋਕੋ ਪਾਇਲਟ ਨੇ ਤੁਰੰਤ ਮਾਲ ਗੱਡੀ ਨੂੰ ਰੋਕਿਆ ਅਤੇ ਰੇਲਵੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਏਆਰਟੀ (ਐਕਸੀਡੈਂਟ ਰਿਲੀਫ ਟਰੇਨ) ਟੀਮ ਦੇ ਅਧਿਕਾਰੀ ਅਤੇ ਕਰਮਚਾਰੀ ਦੇਰ ਰਾਤ ਤਕ ਡੱਬਿਆਂ ਨੂੰ ਪਟੜੀ ‘ਤੇ ਚੜ੍ਹਾਉਣ ‘ਚ ਲੱਗੇ ਰਹੇ।
ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ਤੋਂ ਕੁਝ ਦੂਰੀ ‘ਤੇ ਰੇਲਵੇ ਟਰੈਕ ਵਿਛਾਉਣ ਦਾ ਕੰਮ ਚੱਲ ਰਿਹਾ ਹੈ। ਮਾਲ ਗੱਡੀ ਲੋਹੇ ਦੇ ਗਾਰਡਰਾਂ ਨਾਲ ਭਰ ਕੇ ਉਥੋਂ ਜਾ ਰਹੀ ਸੀ। ਕਾਂਟਾ ਬਦਲਦੇ ਸਮੇਂ ਡੱਬੇ ਪਟੜੀ ਤੋਂ ਉਤਰ ਗਏ। ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਐਮਰਜੈਂਸੀ ਹੂਟਰ ਵੱਜਣ ਤੋਂ ਬਾਅਦ ਅਧਿਕਾਰੀ ਤੁਰੰਤ ਚੌਕਸ ਹੋ ਗਏ। ਏਆਰਟੀ (ਐਕਸੀਡੈਂਟ ਰਿਲੀਫ ਟਰੇਨ) ਦੀ ਟੀਮ ਮੌਕੇ ‘ਤੇ ਪਹੁੰਚ ਗਈ।
ਹਾਦਸੇ ਤੋਂ ਬਾਅਦ ਫ਼ਿਰੋਜ਼ਪੁਰ ਵੱਲ ਜਾ ਰਹੀ ਰੇਲ ਗੱਡੀ ਵੀ ਰੋਕੀ ਗਈ। ਮੌਕੇ ’ਤੇ ਕਰੇਨ ਬੁਲਾ ਕੇ ਮਾਲ ਗੱਡੀ ’ਤੇ ਲੱਦੇ ਲੋਹੇ ਦੇ ਗਾਰਡਰ ਨੂੰ ਉਤਾਰਿਆ ਗਿਆ। ਕਾਫੀ ਮਿਹਨਤ ਤੋਂ ਬਾਅਦ ਰੇਲਗੱਡੀ ਦੇ ਪਹੀਏ ਨੂੰ ਪਟੜੀ ‘ਤੇ ਲਿਆਂਦਾ ਗਿਆ।
ਰੇਲਵੇ ਅਧਿਕਾਰੀ ਮਾਲ ਗੱਡੀ ਦੇ ਪਟੜੀ ਤੋਂ ਉਤਰਨ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਉੱਚ ਅਧਿਕਾਰੀਆਂ ਵਲੋਂ ਇਸ ਮਾਮਲੇ ਦੀ ਰਿਪੋਰਟ ਤਿਆਰ ਕਰਕੇ ਡਵੀਜ਼ਨ ਅਧਿਕਾਰੀਆਂ ਨੂੰ ਸੌਂਪੀ ਜਾਵੇਗੀ। ਸੂਚਨਾ ਮਿਲਣ ’ਤੇ ਐਸਪੀ ਬਲਰਾਮ ਰਾਣਾ ਵੀ ਪੁਲਿਸ ਫੋਰਸ ਨਾਲ ਪਹੁੰਚੇ। ਘਟਨਾ ਵਾਲੀ ਥਾਂ ਨੂੰ ਜੀਆਰਪੀ ਅਤੇ ਪੁਲਿਸ ਨੇ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।