ਮੋਹਾਲੀ, 27 ਸਤੰਬਰ | ਬੁੱਧਵਾਰ ਸਵੇਰੇ 5 ਵਜੇ ਪੰਜਾਬ ‘ਚ 30 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ। ਐਨਆਈਏ ਦੀਆਂ ਟੀਮਾਂ ਬਠਿੰਡਾ, ਲੁਧਿਆਣਾ, ਫ਼ਿਰੋਜ਼ਪੁਰ ਅਤੇ ਪਟਿਆਲਾ ਵਿੱਚ ਜਾਂਚ ਕਰ ਰਹੀਆਂ ਹਨ। ਇਸ ਛਾਪੇਮਾਰੀ ਨੂੰ ਖਾਲਿਸਤਾਨੀ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਗਠਜੋੜ ਨਾਲ ਜੋੜਿਆ ਜਾ ਰਿਹਾ ਹੈ। ਹਾਲਾਂਕਿ NIA ਵੱਲੋਂ ਇਸ ਸਬੰਧੀ ਅਜੇ ਤੱਕ ਕੋਈ ਰਸਮੀ ਜਾਣਕਾਰੀ ਨਹੀਂ ਦਿੱਤੀ ਗਈ।
ਇਸ ਦੌਰਾਨ ਇਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਕਿ ਅੱਤਵਾਦੀ ਅਰਸ਼ ਡੱਲਾ ਦੇ ਸਾਥੀ ਜ਼ੋਰਾ ਸਿੰਘ ਨੂੰ ਫਿਰੋਜ਼ਪੁਰ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਉਹ ਕਈ ਸਾਲਾਂ ਤੋਂ ਡੱਲਾ ਦੇ ਸੰਪਰਕ ਵਿਚ ਸੀ। ਐਨ.ਆਈ.ਏ ਨੇ ਮੱਛੀ ਮੰਡੀ ਸਥਿਤ ਘਰ ਤੋਂ ਤਲਾਸ਼ੀ ਦੌਰਾਨ ਉਸਨੂੰ ਫੜਿਆ ਹੈ। ਉਸ ਦੀ ਮੋਬਾਇਲ ‘ਚੋਂ ਅਰਸ਼ ਡੱਲਾ ਨਾਲ ਚੈਟਿੰਗ ਮਿਲੀ। ਉਹ ਹਥਿਆਰਾਂ ਦੀ ਤਸਕਰੀ ਕਰਦਾ ਹੈ।
ਬਠਿੰਡਾ ‘ਚ ਬੁੱਧਵਾਰ ਸਵੇਰੇ ਕਰੀਬ 6 ਵਜੇ NIA ਦੀਆਂ 2 ਟੀਮਾਂ ਰਾਮਪੁਰਾ ਅਤੇ ਮੋੜ ਮੰਡੀ ਪਹੁੰਚੀਆਂ। ਟੀਮ ਵੱਲੋਂ ਪਿੰਡ ਜੇਠੂਕੇ ਵਿਚ ਗੁਰਪ੍ਰੀਤ ਸਿੰਘ ਉਰਫ਼ ਗੁਰੀ ਦੇ ਘਰ ਦੀ ਤਲਾਸ਼ੀ ਲਈ ਗਈ। ਗੁਰੀ ਬਠਿੰਡਾ ਪੁਲਿਸ ਨੂੰ ਕਤਲ ਸਮੇਤ ਕਈ ਮਾਮਲਿਆਂ ਵਿਚ ਲੋੜੀਂਦਾ ਮੁਲਜ਼ਮ ਹੈ। ਇਕ ਟੀਮ ਹੈਰੀ ਮੌਡ ਦੇ ਘਰ ਪਹੁੰਚ ਗਈ। ਹੈਰੀ ਦਾ ਵੀ ਕਈ ਮਾਮਲਿਆਂ ਵਿਚ ਨਾਮ ਹੈ।
ਇਸ ਤੋਂ ਇਲਾਵਾ NIA ਨੇ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਤਖਤੂਪੁਰਾ ਦੇ ਸਾਬਕਾ ਸਰਪੰਚ ਦੇ ਘਰ ਛਾਪਾ ਮਾਰਿਆ। ਟੀਮ ਨੇ ਸ਼ਰਾਬ ਦੇ ਠੇਕੇਦਾਰ ਬੇਟੇ ਦਾ ਫੋਨ ਜ਼ਬਤ ਕਰ ਲਿਆ ਹੈ। NIA ਉਸਦੀ ਕਾਲ ਅਤੇ ਚੈਟ ਹਿਸਟਰੀ ਦੀ ਜਾਂਚ ਕਰੇਗੀ।