ਬ੍ਰੇਕਿੰਗ : ਗੁਰਦਾਸਪੁਰ ‘ਚ ਨਿੱਜੀ ਸਕੂਲ ਬੱਸ ਪਲਟੀ, 50 ਤੋਂ ਵੱਧ ਵਿਦਿਆਰਥੀ ਤੇ ਅਧਿਆਪਕ ਜ਼ਖ਼ਮੀ

0
1242

ਗੁਰਦਾਸਪੁਰ, 16 ਸਤੰਬਰ | ਡੇਰਾ ਬਾਬਾ ਨਾਨਕ ਦੇ ਪਿੰਡ ਚੱਕਾਂਵਾਲੀ ਵਿੱਚ ਇੱਕ ਨਿੱਜੀ ਸਕੂਲ ਦੀ ਬੱਸ ਪਲਟ ਗਈ। ਘਟਨਾ ਦੇ ਸਮੇਂ ਬੱਸ ਵਿੱਚ 50 ਤੋਂ ਵੱਧ ਬੱਚੇ ਸਵਾਰ ਸਨ। ਇਸ ਘਟਨਾ ‘ਚ ਦਰਜਨਾਂ ਬੱਚਿਆਂ ਨੂੰ ਸੱਟਾਂ ਲੱਗੀਆਂ। ਇਸ ਦੇ ਨਾਲ ਹੀ 2 ਬੱਚੇ ਗੰਭੀਰ ਜ਼ਖਮੀ ਹੋਏ। ਜਿਨ੍ਹਾਂ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ।

ਬੱਸ ਪਲਟਣ ਤੋਂ ਬਾਅਦ ਬੱਚਿਆਂ ਦੇ ਮਾਪੇ ਮੌਕੇ ‘ਤੇ ਪਹੁੰਚੇ ਅਤੇ ਬੱਚਿਆਂ ਨੂੰ ਆਪਣੇ-ਆਪਣੇ ਵਾਹਨਾਂ ‘ਚ ਬਿਠਾ ਕੇ ਲੈ ਗਏ। ਦੱਸ ਦਈਏ ਕਿ ਘਟਨਾ ਸਮੇਂ 4 ਅਧਿਆਪਕ ਵੀ ਸਵਾਰ ਸਨ। ਬੱਚਿਆਂ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਉਕਤ ਬੱਸ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ।

ਸਕੂਲ ਦੀ ਪ੍ਰਿੰਸੀਪਲ ਰੇਣੂ ਬਾਲਾ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਉਹ ਘਟਨਾ ਸਥਾਨ ‘ਤੇ ਪਹੁੰਚ ਗਈ। ਬੱਚਿਆਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿਸੇ ਵੀ ਬੱਚੇ ਦੇ ਮਾਪਿਆਂ ਨੇ ਡਰਾਈਵਰ ਖ਼ਿਲਾਫ਼ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ। ਜੇਕਰ ਅਜਿਹਾ ਹੁੰਦਾ ਤਾਂ ਉਹ ਡਰਾਈਵਰ ਖਿਲਾਫ ਕਾਰਵਾਈ ਜ਼ਰੂਰ ਕਰਦੇ। ਉਨ੍ਹਾਂ ਦੱਸਿਆ ਕਿ ਫਿਲਹਾਲ ਬੱਚਿਆਂ ਨੂੰ ਸੁਰੱਖਿਅਤ ਘਰ ਭੇਜ ਦਿੱਤਾ ਗਿਆ ਹੈ ਅਤੇ ਡਰਾਈਵਰ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।