ਗੁਰਦਾਸਪੁਰ : ਸੇਵਾ ਮੁਕਤ ਅਫਸਰ ਨੇ ਚਾਵਾਂ ਨਾਲ ਕਰਵਾਇਆ ਦੂਜਾ ਵਿਆਹ, ਅਗਲੀ ਤੀਜੇ ਦਿਨ ਹੀ ਲੱਖਾਂ ਦੀ ਨਕਦੀ ਤੇ ਗਹਿਣੇ ਲੈ ਕੇ ਫਰਾਰ

0
2114

ਗੁਰਦਾਸਪੁਰ| ਮਹਿਲਾਵਾਂ ਨਾਲ਼ ਲੁੱਟ ਹੋਣ ਦੀਆਂ ਕਈ ਵਾਰਦਾਤਾਂ ਸੁਣੀਆਂ ਹੋਣਗੀਆਂ ਪਰ ਗੁਰਦਾਸਪੁਰ ਤੋਂ ਇੱਕ ਹੈਰਾਨੀਜਨਕ ਮਸਲਾ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਨੇ ਪਹਿਲਾਂ ਜੰਗਲਾਤ ਵਿਭਾਗ ਤੋਂ ਸੇਵਾ ਮੁਕਤ ਹੋਏ ਅਫ਼ਸਰ ਨਾਲ ਵਿਆਹ ਕਰਵਾਇਆ ਤੇ ਫਿਰ 15 ਦਿਨਾਂ ਵਿੱਚ ਹੀ ਉਸ ਨੂੰ ਘਰ ਅੰਦਰ ਬੇਹੋਸ਼ ਕਰਕੇ ਨਗਦੀ ਤੇ ਗਹਿਣੇ ਲੈ ਕੇ ਫਰਾਰ ਹੋ ਗਈ। ਪਿਛਲੇ ਇੱਕ ਮਹੀਨੇ ਤੋਂ ਇਹ ਸੇਵਾ ਮੁਕਤ ਅਧਿਕਾਰੀ ਇਨਸਾਫ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ ਪਰ ਅਜੇ ਤੱਕ ਪੁਲਿਸ ਵੱਲੋਂ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ।

ਇਸ ਸਬੰਧੀ ਜੰਗਲਾਤ ਵਿਭਾਗ ਵਿੱਚੋਂ ਸੇਵਾ ਮੁਕਤ ਹੋਏ ਅਧਿਕਾਰੀ ਸਤਨਾਮ ਸਿੰਘ ਨੇ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ। ਉਸ ਦੇ ਬੱਚੇ ਵਿਦੇਸ਼ ਰਹਿੰਦੇ ਹਨ। ਪਤਨੀ ਦੀ ਮੌਤ ਤੋਂ ਬਾਅਦ ਉਹ ਘਰ ਵਿੱਚ ਇਕੱਲਾ ਰਹਿੰਦਾ ਸੀ। ਇਸ ਕਰਕੇ ਉਸ ਨੇ ਆਪਣੇ ਬੱਚਿਆਂ ਦੀ ਸਹਿਮਤੀ ਨਾਲ ਪਟਿਆਲਾ ਦੀ ਇੱਕ ਮਹਿਲਾ ਨਾਲ ਦੂਸਰਾ ਵਿਆਹ ਕਰ ਲਿਆ।

ਵਿਆਹ ਕਰਵਾਉਣ ਤੋਂ ਬਾਅਦ ਜਦੋਂ ਉਸ ਦੀ ਪਤਨੀ ਘਰ ਆਈ ਤਾਂ ਦੋ ਦਿਨ ਬਾਅਦ ਹੀ ਉਸ ਨੇ ਕਿਹਾ ਕਿ ਉਸ ਦੀ ਮਾਂ ਬਿਮਾਰ ਹੋ ਗਈ ਹੈ। ਉਹ ਪਟਿਆਲਾ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਹ ਕਹਿ ਕੇ ਉਹ ਆਪਣੇ ਪੇਕੇ ਪਟਿਆਲਾ ਚਲੀ ਗਈ। ਉੱਥੇ ਜਾ ਕਿ ਉਸ ਨੇ ਇਲਾਜ ਲਈ ਪੈਸਿਆਂ ਦੀ ਮੰਗ ਕੀਤੀ। ਪਹਿਲੀ ਵਾਰ ਉਸ ਨੇ ਉਸ ਦੇ ਖਾਤੇ ਵਿੱਚ 50 ਹਜ਼ਾਰ ਰੁਪਏ ਤੇ ਦੂਸਰੀ ਵਾਰ ਇੱਕ ਲੱਖ ਰੁਪਏ ਤੇ ਫਿਰ 2 ਲੱਖ ਰੁਪਏ ਪੁਆਏ। ਇਸ ਤਰ੍ਹਾਂ ਉਸ ਨੇ 6 ਲੱਖ ਰੁਪਏ ਉਸ ਕੋਲੋਂ ਮੰਗਵਾ ਲਏ।

ਜਦੋਂ ਉਸ ਨੇ ਅੱਗੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਉਸ ਨੂੰ ਕਿਹਾ ਕਿ ਉਹ ਘਰ ਵਾਪਸ ਆ ਜਾਵੇ ਤਾਂ ਅਗਲੇ ਦਿਨ ਉਹ ਆਪਣੀ ਭੈਣ ਨਾਲ ਘਰ ਵਾਪਸ ਆ ਗਈ। ਅਗਲੇ ਦਿਨ ਉਸ ਦੀ ਭੈਣ ਨੇ ਕਿਹਾ ਕਿ ਉਹ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਜਾ ਰਹੀ ਹੈ। ਉਸ ਦਾ ਡਰਾਈਵਰ ਉਸ ਨੂੰ ਅੰਮ੍ਰਿਤਸਰ ਛੱਡ ਆਇਆ ਤੇ ਅਗਲੀ ਰਾਤ ਉਸ ਦੀ ਦੂਸਰੀ ਪਤਨੀ ਨੇ ਉਸ ਨੂੰ ਰੋਟੀ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਬੇਹੋਸ਼ ਕਰ ਦਿੱਤਾ ਤੇ ਘਰ ਵਿੱਚ ਪਏ 6 ਤੋਲੇ ਸੋਨੇ ਦੇ ਗਹਿਣੇ 2 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਈ।

ਉਨ੍ਹਾਂ ਦੱਸਿਆ ਕਿ ਉਸ ਨਾਲ ਕੁੱਲ 10 ਲੱਖ ਰੁਪਏ ਠੱਗੀ ਵੱਜੀ ਹੈ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਹੈ ਪਰ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਇਸ ਮਹਿਲਾ ਖ਼ਿਲਾਫ਼ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ। ਇਸ ਮਾਮਲੇ ਸਬੰਧੀ ਜਦੋਂ ਡੀਐਸਪੀ ਸੁਖਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਤਨਾਮ ਸਿੰਘ ਵੱਲੋਂ ਆਪਣੀ ਦੂਸਰੀ ਪਤਨੀ ਖਿਲਾਫ਼ ਧੋਖਾਧੜੀ ਨਾਲ ਲੁੱਟ ਕਰਨ ਦੀ ਸ਼ਿਕਾਇਤ ਦਿੱਤੀ ਗਈ ਹੈ। ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।