ਜਲੰਧਰ : CM ਪੁਲਿਸ ਨੂੰ ਤਨਦੇਹੀ ਨਾਲ ਡਿਊਟੀ ਨਿਭਾਉਣ ਬਾਰੇ ਦੇ ਰਹੇ ਸਨ ਭਾਸ਼ਣ, ਉਧਰ ਪੁਲਿਸ ਸਾਹਮਣੇ ਹੋਇਆ ਗੰਭੀਰ ਹਾਦਸਾ, ਪਰ ਦੇਖਦੀ ਰਹੀ ਪੁਲਿਸ

0
1532

ਜਲੰਧਰ| ਜਲੰਧਰ ਦੇ ਪੀ.ਏ.ਪੀ. ਚੌਕ ਨੇੜੇ ਇਕ ਆਟੋ ਚਾਲਕ ਨੇ ਐਕਟਿਵਾ ’ਤੇ ਜਾ ਰਹੀ ਲੜਕੀ ਨੂੰ ਟੱਕਰ ਮਾਰ ਦਿਤੀ। ਇਸ ਦੌਰਾਨ ਗੰਭੀਰ ਜ਼ਖ਼ਮੀ ਹੋਈ ਲੜਕੀ ਨੂੰ ਉਥੇ ਮੌਜੂਦ ਲੋਕਾਂ ਨੇ ਨਜ਼ਦੀਕੀ ਹਸਪਤਾਲ ਪਹੁੰਚਾਇਆ। ਦੱਸਿਆ ਜਾ ਰਿਹਾ ਕਿ ਪੀੜਤ ਲੜਕੀ ਦੇ ਸਿਰ ਵਿਚ 7 ਟਾਂਕੇ ਲੱਗੇ ਹਨ। ਲੜਕੀ ਦੀ ਪਛਾਣ ਰਤਨਪ੍ਰੀਤ ਕੌਰ ਵਜੋਂ ਹੋਈ ਹੈ, ਜੋ ਕਿ ਐਮ.ਏ. ਪਾਲੀਟੀਕਲ ਸਾਇੰਸ ਦੀ ਵਿਦਿਆਰਥਣ ਹੈ। ਇਸ ਮੌਕੇ ਹਾਦਸੇ ਵਾਲੀ ਥਾਂ ’ਤੇ ਮੌਜੂਦ ਲੋਕਾਂ ਨੇ ਕਿਹਾ ਕਿ ਪੁਲਿਸ ਮੂਕਦਰਸ਼ਕ ਬਣੀ ਰਹੀ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ, ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਪੀ.ਏ.ਪੀ. ਵਿਚ ਹੀ ਪੁਲਿਸ ਵਿਭਾਗ ਵਿਚ ਚੁਣੇ ਗਏ 560 ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਸੌਂਪ ਰਹੇ ਸਨ ਅਤੇ ਉਨ੍ਹਾਂ ਨੂੰ ਤਨਦੇਹੀ ਨਾਲ ਡਿਊਟੀ ਨਿਭਾਉਣ ਲਈ ਪ੍ਰੇਰਿਤ ਕਰ ਰਹੇ ਸਨ।

ਲੋਕਾਂ ਨੇ ਕਿਹਾ ਕਿ ਹਾਦਸੇ ਮਗਰੋਂ 100 ਮੀਟਰ ਦੂਰੀ ’ਤੇ ਮੌਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਨਾ ਹੀ ਪੁਲਿਸ ਨੇ ਜ਼ਖ਼ਮੀ ਲੜਕੀ ਨੂੰ ਹਸਪਤਾਲ ਪਹੁੰਚਾਉਣ ਦਾ ਕੋਈ ਪ੍ਰਬੰਧ ਕੀਤਾ ਤੇ ਨਾ ਹੀ ਆਟੋ ਚਾਲਕ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਲੋਕ ਕਾਫੀ ਗੁੱਸੇ ਵਿਚ ਨਜ਼ਰ ਆਏ।