ਪਟਿਆਲਾ : ਛਾਪਾ ਮਾਰਨ ਗਈ ਪੁਲਿਸ ‘ਤੇ ਨਸ਼ਾ ਤਸਕਰਾਂ ਨੇ ਚਾੜ੍ਹੀ ਕਾਰ, ਹੈੱਡ ਕਾਂਸਟੇਬਲ ਦੀ ਲੱਤ ਤੇ ਬਾਂਹ ਟੁੱਟੀ

0
751

ਪਾਤੜਾਂ| ਨਸ਼ਾ ਤਸਕਰਾਂ ਵਿਰੁੱਧ ਛਾਪਾ ਮਾਰਨ ਗਏ ਪੰਜਾਬ ਪੁਲਿਸ ਦੇ ਮੁਲਾਜ਼ਮ ’ਤੇ ਨਸ਼ਾ ਤਸਕਰਾਂ ਨੇ ਥਾਰ ਚੜ੍ਹਾ ਕੇ ਇਕ ਹੈੱਡ ਕਾਂਸਟੇਬਲ ਦੀ ਲੱਤ ਅਤੇ ਬਾਂਹ ਤੋੜ ਦਿੱਤੀ, ਜਿਸ ਨੂੰ ਇਲਾਜ ਲਈ ਪਟਿਆਲਾ ਦੇ ਇਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰਨ ਉਪਰੰਤ ਨਸ਼ਾ-ਤਸਕਰ ਗੱਡੀ ਲੈ ਕੇ ਫ਼ਰਾਰ ਹੋ ਗਏ। ਪੁਲਿਸ ਨੇ ਤੁਰੰਤ ਹਰਕਤ ’ਚ ਆ ਕੇ ਨਸ਼ਾ-ਸਮੱਗਲਰਾਂ ਵੱਲੋਂ ਵਰਤੀ ਗਈ ਥਾਰ ਗੱਡੀ ਦੀ ਪਛਾਣ ਕਰਨ ’ਚ ਸਫਲਤਾ ਹਾਸਲ ਕਰ ਲਈ ਹੈ।

ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ ਸਮਾਣਾ ਦੀ ਪੁਲਿਸ ਵੱਲੋਂ ਨਸ਼ਾ-ਸਮੱਗਲਰਾਂ ਨੂੰ ਕਾਬੂ ਕਰਨ ਲਈ ਵਿਛਾਏ ਗਏ ਜਾਲ ਤਹਿਤ ਜਦੋਂ ਸ਼ਹਿਰ ਦੇ ਪਟਿਆਲਾ ਬਾਈਪਾਸ ’ਤੇ ਅਨਾਜ ਮੰਡੀ ਦੇ 11 ਕਿੱਲਿਆਂ ਵਾਲੀ ਥਾਂ ’ਤੇ ਛਾਪੇਮਾਰੀ ਕੀਤੀ ਤਾਂ ਸਮੱਗਲਰਾਂ ਨੂੰ ਪੁਲਿਸ ਦੇ ਆਉਣ ਬਾਰੇ ਪਤਾ ਲੱਗਿਆ। ਘਟਨਾ ’ਚ ਜ਼ਖ਼ਮੀ ਹੋਏ ਪੁਲਿਸ ਮੁਲਾਜ਼ਮ ਹੁਸਨਪ੍ਰੀਤ ਸਿੰਘ ਚੀਮਾ ਵਾਸੀ ਦਫਤਰੀ ਵਾਲਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸਮੱਗਲਰਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਸੀ।

ਇਸ ਦੌਰਾਨ ਸਮੱਗਲਰਾਂ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਮੁਲਾਜ਼ਮਾਂ ਵੱਲੋਂ ਪਿੱਛਾ ਕਰਨ ’ਤੇ ਉਨ੍ਹਾਂ ਦੀ ਗੱਡੀ ਬਿਜਲੀ ਦੇ ਖੰਭੇ ’ਚ ਵੱਜ ਗਈ, ਜਿਸ ਮਗਰੋਂ ਉਨ੍ਹਾਂ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਸਮੱਗਲਰਾਂ ਨੇ ਥਾਰ ਗੱਡੀ ਉਸ ’ਤੇ ਚੜ੍ਹਾ ਦਿੱਤੀ। ਹਾਦਸੇ ’ਚ ਪੁਲਿਸ ਮੁਲਾਜ਼ਮ ਹੁਸਨਪ੍ਰੀਤ ਸਿੰਘ ਚੀਮਾ ਦੀ ਲੱਤ ਅਤੇ ਬਾਂਹ ਟੁੱਟ ਗਈ । ਇਸ ਦੌਰਾਨ ਸੀ. ਆਈ. ਏ. ਸਟਾਫ ਸਮਾਣਾ ਦੇ ਇੰਚਾਰਜ ਵਿਜੇ ਕੁਮਾਰ ਨੇ ਦੱਸਿਆ ਕਿ ਥਾਰ ਗੱਡੀ ਦੀ ਪਛਾਣ ਕਰ ਲਈ ਗਈ ਹੈ। ਕਥਿਤ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।