ਮੁੰਬਈ| ‘ਕੌਨ ਬਣੇਗਾ ਕਰੋੜਪਤੀ 15’ ਟੀਵੀ ਦਾ ਸਭ ਤੋਂ ਮਸ਼ਹੂਰ ਸ਼ੋਅ ਹੈ। ਜਿਸ ਨੂੰ ਇਸ ਵਾਰ ਵੀ ਅਮਿਤਾਭ ਬੱਚਨ ਹੋਸਟ ਕਰ ਰਹੇ ਹਨ। ਦੱਸ ਦਈਏ ਕਿ ਡੀਏਵੀ ਕਾਲਜ ਅੰਮ੍ਰਿਤਸਰ ਦੇ ਬੀਐਸਸੀ ਅਰਥ ਸ਼ਾਸਤਰ ਦੇ 5ਵੇਂ ਸਮੈਸਟਰ ਦੇ ਵਿਦਿਆਰਥੀ ਜਸਕਰਨ ਸਿੰਘ ਨੇ ਕੌਨ ਬਣੇਗਾ ਕਰੋੜਪਤੀ (KBC) ਵਿੱਚ ਬਿੱਗ ਬੀ ਯਾਨੀ ਅਮਿਤਾਭ ਬੱਚਨ ਦੇ ਸਾਹਮਣੇ ਹੌਟ ਸੀਟ ਉੱਤੇ ਬੈਠ ਕੇ 1 ਕਰੋੜ ਰੁਪਏ ਜਿੱਤਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਉਹ ਇੱਥੇ ਵੀ ਸੰਤੁਸ਼ਟ ਨਹੀਂ ਹਨ, ਸਗੋਂ 7 ਕਰੋੜ ਰੁਪਏ ਜਿੱਤਣ ਲਈ 4-5 ਸਤੰਬਰ ਨੂੰ ਮੁੜ ਹਾਟ ਸੀਟ ‘ਤੇ ਬੈਠਣ ਦੀ ਤਿਆਰੀ ਕਰ ਰਹੇ ਹਨ।
ਦੂਜੇ ਪਾਸੇ, ਉਸ ਦੇ ਪਿੰਡ, ਪਰਿਵਾਰ ਅਤੇ ਕਾਲਜ ਵਿਚ ਵੀ ਉਸਦੀ ਜਿੱਤ ਦੀ ਖੁਸ਼ੀ ਮਨਾਈ ਜਾ ਰਹੀ ਹੈ। ਜਸਕਰਨ ਸਿੰਘ ਭਾਵੇਂ ਸ਼ਹਿਰ ਦੇ ਨਾਮਵਰ ਡੀਏਵੀ ਕਾਲਜ ਦਾ ਵਿਦਿਆਰਥੀ ਹੈ, ਪਰ ਉਸ ਦਾ ਘਰ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਕਸਬੇ ਵਿੱਚ ਹੈ। ਉਸ ਦੇ ਪਿਤਾ ਜੀ ਚਰਨਜੀਤ ਸਿੰਘ ਸਥਾਨਕ ਕੇਟਰਿੰਗ ਦਾ ਕੰਮ ਕਰਦੇ ਹਨ ਅਤੇ ਮਾਤਾ ਕੁਲਵਿੰਦਰ ਕੌਰ ਘਰੇਲੂ ਔਰਤ ਹੈ। ਜਸਕਰਨ ਦੀ ਇੱਕ ਛੋਟੀ ਭੈਣ ਅਤੇ ਇੱਕ ਭਰਾ ਹੈ।
ਦੱਸ ਦਈਏ ਕਿ ਪਰਿਵਾਰ ਦਾ ਸਾਰਾ ਖਰਚਾ ਪਿਤਾ ਦੇ ਕੰਮ ਤੋਂ ਚੱਲਦਾ ਹੈ। ਜਸਕਰਨ ਨੇ ਦੱਸਿਆ ਕਿ ਉਹ ਸ਼ਤਰੰਜ ਅਤੇ ਕ੍ਰਿਕਟ ਵੀ ਖੇਡਦਾ ਰਿਹਾ ਹੈ। ਕ੍ਰਿਕੇਟ ਕਦੇ ਉਸਦੀ ਪਸੰਦੀਦਾ ਖੇਡ ਸੀ। ਪਰ ਸਾਲ 2018 ‘ਚ ਉਸ ਨੇ ਇਸ ਤੋਂ ਛੁੱਟੀ ਲੈ ਲਈ ਅਤੇ ਪੂਰੀ ਤਰ੍ਹਾਂ ਪੜ੍ਹਾਈ ‘ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ।
ਜਸਕਰਨ ਦਾ ਕਹਿਣਾ ਹੈ ਕਿ ਉਹ ਪਿੰਡ ਦਾ ਰਹਿਣ ਵਾਲਾ ਹੈ ਅਤੇ ਪਿੰਡ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਕਰ ਹੀ ਵੱਡਾ ਹੋਇਆ ਹੈ। ਅਜਿਹੀ ਸਥਿਤੀ ਵਿੱਚ ਉਹ ਇੱਥੋਂ ਦੀ ਸਿਹਤ, ਸਿੱਖਿਆ, ਬੇਰੁਜ਼ਗਾਰੀ ਅਤੇ ਗਰੀਬੀ ਬਾਰੇ ਚੰਗੀ ਤਰਾਂ ਜਾਣਦਾ ਹੈ। ਉਸ ਦਾ ਕਹਿਣਾ ਹੈ ਕਿ ਇਸ ਸਫ਼ਲਤਾ ਲਈ ਉਸ ਨੇ ਇੱਕ ਵਾਰ ਨਹੀਂ ਸਗੋਂ ਚਾਰ ਵਾਰ ਕੋਸ਼ਿਸ਼ ਕੀਤੀ ਅਤੇ ਹੁਣ ਉਹ ਸਫ਼ਲ ਹੋਇਆ ਹੈ।