ਮਜੀਠਾ : ਰੋਜ਼ੀ-ਰੋਟੀ ਕਮਾਉਣ ਆਸਟ੍ਰੇਲੀਆ ਗਏ ਨੌਜਵਾਨ ਦਾ ਟਰਾਲਾ ਡੂੰਘੀ ਖੱਡ ‘ਚ ਡਿਗਿਆ, ਮੌਤ

0
833

ਮਜੀਠਾ| ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਟਰਾਲੇ ਦੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਇਕ ਪੰਜਾਬੀ ਦੀ ਮੌਤ ਹੋਣ ਦਾ ਸਮਾਚਾਰ ਹੈ। ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਦੇ ਸੀਨੀਅਰ ਆਗੂ ਸੁਰਿੰਦਰ ਸਿੰਘ ਲਾਲੀ ਪੁੱਤਰ ਧੀਰ ਸਿੰਘ ਵਾਸੀ ਮਜੀਠਾ ਦਿਹਾਤੀ ਵੱਲੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਰਣਦੀਪ ਸਿੰਘ ਪੁੱਤਰ ਗੁਰਮੇਰ ਸਿੰਘ ਵਾਸੀ ਮਜੀਠਾ ਦਿਹਾਤੀ ਉਸ ਦੇ ਤਾਏ ਦਾ ਪੁੱਤਰ ਹੈ।

ਉਹ ਕਰੀਬ 18 ਸਾਲ ਪਹਿਲਾਂ ਆਸਟ੍ਰੇਲੀਆ ਵਿਖੇ ਰੋਟੀ-ਰੋਜ਼ੀ ਦੀ ਭਾਲ ‘ਚ ਗਿਆ ਸੀ। ਚਾਰ ਸਾਲ ਬਾਅਦ ਉਹ ਭਾਰਤ ਇਕ ਵਾਰ ਆਪਣੇ ਪਰਿਵਾਰ ਨੂੰ ਮਿਲਣ ਆਇਆ ਸੀ। ਉਸ ਦੀ ਨਿੱਕੀ ਭੈਣ ਵੀ ਕੁਝ ਸਮੇ ਤੋਂ ਆਸਟ੍ਰੇਲੀਆ ਵਿਖੇ ਹੀ ਗਈ ਹੋਈ ਹੈ।

ਰਣਦੀਪ ਸਿੰਘ ਦੇ ਮਾਤਾ-ਪਿਤਾ ਮਜੀਠਾ ਦਿਹਾਤੀ ਵਿਖੇ ਰਹਿ ਕੇ ਹੀ ਆਪਣਾ ਪਿਤਾ ਪੁਰਖੀ ਕਿੱਤਾ ਖੇਤੀਬਾੜੀ ਕਰਦੇ ਹਨ ਤੇ ਇਸੇ ਸਾਲ ਮਾਰਚ ਮਹੀਨੇ ਉਹ ਵੀ ਆਪਣੇ ਪੁੱਤਰ ਨੂੰ ਮਿਲਣ ਆਸਟ੍ਰੇਲੀਆ ਗਏ ਹੋਏ ਸਨ ਤੇ ਅਜੇ ਵੀ ਉੱਥੇ ਹੀ ਹਨ।

ਉਨ੍ਹਾਂ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਪੁੱਤਰ ਰਣਦੀਪ ਸਿੰਘ ਆਸਟ੍ਰੇਲੀਆ ਵਿਖੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਉਹ ਕੁਝ ਦਿਨ ਪਹਿਲਾਂ ਆਪਣਾ ਟਰਾਲਾ ਲੈ ਕੇ ਕੰਮ ‘ਤੇ ਗਿਆ ਸੀ ਪਰ ਰਸਤੇ ‘ਚ ਟਰਾਲਾ ਡੂੰਘੀ ਖੱਡ ‘ਚ ਡਿੱਗ ਪਿਆ।

ਰਣਦੀਪ ਸਿੰਘ ਨੇ ਟਰਾਲਾ ਡਿਗਦੇ ਸਾਰ ਉਸ ਵਿਚੋਂ ਬਾਹਰ ਛਾਲ ਮਾਰ ਦਿੱਤੀ ਸੀ। ਟਰਾਲਾ ਖੱਡ ‘ਚ ਡਿੱਗਣ ਕਾਰਨ ਉਸ ਨੂੰ ਭਿਆਨਕ ਅੱਗ ਵੀ ਲੱਗ ਗਈ ਪਰ ਰਣਦੀਪ ਸਿੰਘ ਟਰਾਲੇ ‘ਚੋਂ ਡਿੱਗਣ ਕਾਰਨ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ ਜਿਸ ਨੂੰ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਉਸ ਨੂੰ ਡਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਉਸ ਦੀ ਮੌਤ ਦੀ ਖਬਰ ਸੁਣ ਕੇ ਉਸ ਦੇ ਮਜੀਠਾ ਵਿਖੇ ਰਹਿੰਦੇ ਰਿਸ਼ਤੇਦਾਰਾਂ ਵਿਚ ਭਾਰੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ।