“ਕੋਰੋਨਾ ਦੇੇ ਕਹਿਰ ਨੂੰ ਰੋਕਣ ਲਈ ਪੰਚਾਇਤਾਂ ਨੂੰ ਕਰਨੀਆਂ ਪੈਣਗੀਆਂ ਪਿੰਡਾਂ ਦੀਆਂ ਹੱਦਾਂ ਸੀਲ”

0
4648
ਲੇਖਿਕਾ ਸਿਮਰ ਕੌਰ ਦਸੂਹਾ ਵਿਖੇ ਕਮਿਊਨਟੀ ਹੈਲਥ ਅਫ਼ਸਰ ਹਨ ਤੇ ਇਸ ਸੰਕਟ ਦੀ ਘੜੀ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਦੇਖ-ਰੇਖ ਕਰ ਰਹੇ ਹਨ।

ਤਾਜ਼ਾ ਆਈਆਂ ਖਬਰਾਂ ਦੇ ਅਨੁਸਾਰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਕੋਰੋਨਾ ਦੇ ਨਵੇਂ ਪਾਜ਼ੀਟਿਵ ਕੇਸ ਕਾਫੀ ਗਿਣਤੀ ਵਿੱਚ ਵੇਖਣ ਨੂੰ ਮਿਲੇ ਹਨ। ਇਸ ਸਭ ਦੇ ਨਾਲ ਮਹਾਂਮਾਰੀ ਦੇ ਤੇਜ਼ੀ ਨਾਲ ਫੈਲਣ ਦਾ ਖਤਰਾ ਇਲਾਕੇ ਵਿੱਚ ਪਹਿਲਾ ਨਾਲੋਂ ਕਈ ਗੁਣਾ ਵਧ ਚੁੱਕਾ ਹੈ। ਸੂਤਰਾਂ ਦੇ ਮੁਤਾਬਿਕ ਜਿਆਦਾਤਰ ਪਾਜ਼ੀਟਿਵ ਕੇਸਾਂ ਦਾ ਸਬੰਧ ਬਾਹਰੋਂ ਆਏ ਯਾਤਰੀਆਂ ਦੇ ਨਾਲ ਹੈ। ਸੋ ਹੁਣ ਮੌਜੂਦਾ ਸਥਿਤੀ ਵਿੱਚ ਸਭ ਤੋ ਅਹਿਮ ਗੱਲ ਇਹ ਹੈ ਕਿ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਤੇ ਇਲਾਕਾ ਵਾਸੀਆਂ ਦੀ ਸੁਰੱਖਿਆ ਲਈ ਕੀ-ਕੀ ਪ੍ਰਬੰਧ ਅਤੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।
ਸਭ ਤੋਂ ਮੁੱਢਲੀ ਤੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਅਸੀਂ ਸਭ ਜਾਣਦੇ ਹਾਂ ਕਿ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਕੋਲ ਕਿਸੇ ਵੀ ਆਪਾਤਕਾਲੀਨ ਸਥਿਤੀ ਨੂੰ ਨਜਿੱਠਣ ਵਾਸਤੇ ਬਹੁਤ ਹੀ ਸੀਮਿਤ ਸਾਧਨ ਹਨ। ਸੋ ਬਜਾਏ ਬਹਿ ਕੇ ਉਡੀਕਣ ਦੇ ਕਿ ਬਿਮਾਰੀ ਫੈਲੇ ਤੇ ਸਰਕਾਰ ਕੁਝ ਕਰੇ, ਸਿਆਣਪ ਇਸ ਗੱਲ ਵਿੱਚ ਹੈ ਕਿ ਸਾਨੂੰ ਸਭ ਨੂੰ ਨਿੱਜੀ ਅਤੇ ਸਮਾਜਿਕ ਜ਼ਿੰਮੇਵਾਰੀ ਅਦਾ ਕਰਨ ਵਾਸਤੇ ਤਿਆਰ ਹੋ ਜਾਣਾ ਚਾਹੀਦਾ ਹੈ।
ਜਿਵੇਂ ਕਿ ਅਸੀਂ ਸਭ ਜਾਣਦੇ ਹਾਂ, ਪਰਿਵਾਰ ਸਾਡੇ ਸਮਾਜ ਦੀ ਮੁੱਢਲੀ ਇਕਾਈ ਹੈ ਤੇ ਜਿਆਦਾਤਰ ਸਾਡੀ ਵੱਸੋਂ ਪਿੰਡਾਂ ਵਿੱਚ ਵਾਸ ਕਰ ਰਹੀ ਹੈ। ਸੋ ਕੋਸ਼ਿਸ਼ ਵੀ ਇਸ ਇਕਾਈ ਤੋਂ ਆਰੰਭੀ ਜਾ ਸਕਦੀ ਹੈ। ਪਿੰਡ ਵਾਸੀਆਂ ਅਤੇ ਪੰਚਾਇਤਾਂ ਨੂੰ ਇਕੱਠੇ ਤੌਰ ‘ਤੇ ਆਪਣੇ-ਆਪਣੇ ਪਿੰਡਾਂ ਨੂੰ ਕੋਰੋਨਾ ਦੇ ਕਹਿਰ ਤੋਂ ਬਚਾਉਣ ਵਾਸਤੇ ਕੁਝ ਕੁ ਹੰਭਲੇ ਮਾਰਨੇ ਚਾਹੀਦੇ ਹਨ ਜਿਵੇਂ ਕਿ ਪਿੰਡਾਂ ਦੇ ਲੋਕਾਂ ਤੇ ਪੰਚਾਇਤ ਵਲੋਂ ਸਾਰੇ ਬਾਹਰ ਆਉਣ ਜਾਣ ਵਾਲੇ ਰਸਤਿਆਂ ‘ਤੇ ਨਾਕੇ ਲਗਾਉਣ। ਹਰ ਬਾਹਰੋਂ ਪਿੰਡ ਆਉਣ ਅਤੇ ਪਿੰਡੋ ਬਾਹਰ ਜਾਣ ਵਾਲੇ ਵਿਅਕਤੀਆਂ ਦਾ ਵੇਰਵਾ ਰੱਖਣਾ ਚਾਹੀਦਾ ਹੈ। ਲੋੜ ਤੋਂ ਬਿਨਾਂ ਪਿੰਡ ਦੇ ਅੰਦਰ ਦਾਖ਼ਲ ਹੋਣ ਤੇ ਬਾਹਰ ਜਾਣ ਦੀ ਮਨਾਹੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਪਿੰਡ ਨੂੰ ਬਾਹਰੋਂ ਹੋਣ ਵਾਲੀ ਲਾਗ ਤੋਂ ਬਚਾਇਆ ਜਾ ਸਕਦਾ ਹੈ।
ਦੂਜਾ ਪਿੰਡ ਵਿੱਚ ਸਬਜ਼ੀ ਭਾਜੀ ਵੇਚਣ ਵਾਲੇ ਅਤੇ ਹੋਕਾ ਦੇਣ ਵਾਲਿਆਂ ਦੀ ਗਿਣਤੀ ਨੂੰ ਸੀਮਤ ਕਰਨਾ ਚਾਹੀਦਾ ਹੈ। ਵੇਖਣ ਵਿੱਚ ਆਇਆ ਹੈ ਕਿ ਆਮ ਤੌਰ ‘ਤੇ ਸਬਜ਼ੀਆਂ ਵੇਚਣ ਵਾਲੇ ਇੱਕ ਪਿੰਡ ਤੋਂ ਕਈ ਪਿੰਡਾਂ ਵਿੱਚੋਂ ਦੀ ਹੋ ਕੇ ਨਿਕਲਦੇ ਹਨ। ਦਸਤਾਨੇ ਪਾਏ ਹੋਣ ਦੀ ਸੂਰਤ ਵਿੱਚ ਵੀ ਉਹ ਨਾ ਤੇ ਦਸਤਾਨਿਆਂ ਨੂੰ ਬਾਰ-ਬਾਰ ਸੈਨੇਟਾਈਜ਼ ਕਰਦੇ ਨੇ ਤੇ ਨਾ ਹੀ ਬਾਰ-ਬਾਰ ਹੱਥ ਧੋਂਦੇ ਨੇ। ਬਹੁਤੇ ਸਬਜ਼ੀਆਂ ਵੇਚਣ ਵਾਲੇ ਡਿਸਪੋਜ਼ੇਬਲ ਮਾਸਕ ਜੋ ਕਿ ਅੱਠ ਤੋਂ ਦੱਸ ਘੰਟੇ ਬਾਅਦ ਬਦਲਣਾ ਲਾਜ਼ਮੀ ਹੁੰਦਾ ਹੈ, ਨੂੰ ਹੀ ਤਿੰਨ ਚਾਰ ਦਿਨ ਜਾਂ ਕਈ ਵਾਰ ਕਈ ਹਫਤਿਆਂ ਤੱਕ ਬਿਨਾ ਬਦਲੀ ਕੀਤੇ ਵਰਤੋਂ ਵਿੱਚ ਲਿਆਈ ਜਾ ਰਹੇ ਹੁੰਦੇ ਨੇ। ਇਸ ਤਰ੍ਹਾਂ ਨਾਲ ਉਹ ਲਈ ਵਾਰ ਬਿਮਾਰੀ ਇੱਕ ਪ੍ਰਭਾਵਿਤ ਖੇਤਰ ਤੋਂ ਦੂਜੇ ਨਾ ਪ੍ਰਭਾਵਿਤ ਖੇਤਰ ਵਿੱਚ ਫੈਲਾਉਣ ਲਈ ਇੱਕ ਕੜੀ ਦਾ ਕੰਮ ਕਰਦੇ ਹਨ। ਸੋ ਇਸ ਦਾ ਹੱਲ ਇਸ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਕਿ ਪਿੰਡ ਦੀ ਪੰਚਾਇਤ ਦੇਖੇ ਕਿ ਪਿੰਡ ਵਿੱਚ ਹੀ ਜਾਂ ਲੋਕਲ ਏਰੀਆ ਵਿੱਚ ਜੋ ਸਬਜ਼ੀ ਵੇਚਣ ਵਾਲੇ ਹਨ ਕੇਵਲ ਉਹ ਹੀ ਸੰਬੰਧਿਤ ਪਿੰਡ ਵਿੱਚ ਸਬਜ਼ੀ ਤੇ ਫਰੂਟ ਵੇਚਣ। ਇਸ ਤਰ੍ਹਾਂ ਨਾਲ ਇੱਕ ਤੇ ਇਹਨਾਂ ਨੂੰ ਨਿਗਰਾਨੀ ਹੇਠ ਰੱਖਿਆ ਜਾ ਸਕਦਾ ਹੈ ਤੇ ਦੂਜਾ ਇਹਨਾਂ ਨੂੰ ਵਿਅਕਤੀਗਤ ਰੂਪ ਵਿੱਚ ਲੋਕਲ ਸਿਹਤ ਕਰਮਚਾਰੀਆਂ ਵੱਲੋਂ ਉਹਨਾਂ ਦੀ ਸਕਰੀਨਿੰਗ ਕੀਤੀ ਜਾ ਸਕਦੀ ਹੈ ਅਤੇ ਸਿਹਤ ਸਿੱਖਿਆ ਵੀ ਦਿੱਤੀ ਜਾ ਸਕਦੀ ਹੈ ਕਿ ਕਿਸ ਤਰ੍ਹਾਂ ਨਾਲ ਸੁਰੱਖਿਆ ਸਾਧਨਾਂ ਦੀ ਵਰਤੋਂ ਠੀਕ ਢੰਗ ਨਾਲ ਕੀਤੀ ਜਾਵੇ। ਇਸ ਤਰੀਕੇ ਲੋਕਲ ਸਿਹਤ ਵਿਭਾਗ ਜਾਂ ਵਲੰਟੀਅਰ ਲੋਕ ਉਹਨਾਂ ਨੂੰ ਲੋੜੀਂਦੇ ਸੁਰੱਖਿਆ ਸਾਧਨ ਵੀ ਮੁਹੱਈਆ ਕਰਵਾ ਕੇ ਆਪਣਾ ਇਲਾਕਾ ਸੁਰੱਖਿਅਤ ਕਰਨ ਵਿੱਚ ਯੋਗਦਾਨ ਦੇ ਸਕਦੇ ਹਨ।
ਤੀਜਾ ਜਨਤਕ ਜਗ੍ਹਾਵਾਂ ਉੱਤੇ ਵੀ ਨਿਯੰਤਰਣ ਕਰਨ ਦੀ ਜ਼ਰੂਰਤ ਹੈ। ਪਿੰਡ ਦੀ ਪੰਚਾਇਤ ਨੂੰ ਪਿੰਡ ਵਿੱਚ ਪੈਂਦੇ ਧਾਰਮਿਕ ਸਥਾਨ, ਡੇਰੇ, ਦੁੱਧ ਡੇਅਰੀ, ਜੰਝ ਘਰਾਂ,ਖੇਡ ਮੈਦਾਨ ਆਦਿ ਸਥਾਨਾਂ ‘ਤੇ ਇਕੱਠ ਹੋਣ ਤੋਂ ਸਖਤੀ ਨਾਲ ਵਰਜਣ ਲਈ ਵੀ ਲੋੜੀਂਦੇ ਪ੍ਰਬੰਧ ਕਰਨੇ ਚਾਹੀਦੇ ਹਨ।
ਚੌਥਾ ਹਰ ਨਾਗਰਿਕ ਨੂੰ ਆਪਣੀ ਵਿਅਕਤੀਗਤ ਜ਼ਿੰਮੇਵਾਰੀ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ। ਅਕਸਰ ਇਹ ਦੇਖਣ ਵਿੱਚ ਆ ਰਿਹਾ ਹੈ ਕਿ ਇਕਾਂਤਵਾਸ ਅਸੀਂ ਸਿਰਫ਼ ਪਿੰਡ ਜਾਂ ਸ਼ਹਿਰ ਤੋਂ ਬਾਹਰ ਵਾਲੀ ਸੜਕ ‘ਤੇ ਹੀ ਜ਼ਰੂਰੀ ਸਮਝਦੇ ਹਾਂ, ਜਦਕਿ ਘਰਾਂ ਅਤੇ ਆਂਢ-ਗੁਆਂਢ ਵਿੱਚ ਅਜੇ ਵੀ ਲੋਕ ਇਕੱਠੇ ਹੋ ਕੇ ਗੱਲਾਂ ਕਰਦੇ ਵੇਖੇ ਜਾ ਸਕਦੇ ਹਨ। ਸੋ ਹਰ ਵਿਅਕਤੀ ਆਪਣੀ ਇੱਕ ਵਿਅਕਤੀਗਤ ਜ਼ਿੰਮੇਵਾਰੀ ਸਮਝੇ ਕਿ ਇੱਕ ਦੂਜੇ ਦੇ ਘਰ ਆਉਣ ਜਾਣ ਤੋਂ ਗ਼ੁਰੇਜ਼ ਕੀਤਾ ਜਾਵੇ ਅਤੇ ਗਲੀਆਂ ਵਿੱਚ ਇਕੱਠ ਨਾ ਕੀਤੇ ਜਾਣ। ਇਹਨਾਂ ਸਾਦੇ ਨਿਯਮਾਂ ਨੂੰ ਅਪਣਾ ਕੇ ਅਸੀਂ ਆਪਣੇ-ਆਪਣੇ ਪਿੰਡਾਂ ਨੂੰ ਇਸ ਮਹਾਂਮਾਰੀ ਦੀ ਭਿਅੰਕਰ ਮਾਰ ਤੋਂ ਬਚਾਅ ਸਕਦੇ ਹਾਂ। ਇਸਦੇ ਨਾਲ ਨਾਲ ਹੀ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਲਈ ਵੀ ਇਹ ਕਦਮ ਬਹੁਤ ਲਾਹੇਵੰਦ ਸਾਬਿਤ ਹੋਣਗੇ।

“ਸੱਜਣਾ ਅੰਦਰ ਵੜਿਆ ਰਹਿ,
ਮੇਰੀ ਮੰਨ ਹਾਲੇ ਡਰਿਆ ਰਹਿ।
ਕਰ ਆਪਣਾ ਆਪਣਾ ਰੋਲ ਅਦਾ,
ਮੌਤ ਤੋਂ ਦੂਰ ਹੀ ਖੜ੍ਹਿਆ ਰਹਿ।”

ਚੱਲਦੀ ਹਾਂ।
ਸੱਤੇ ਖੈਰਾਂ।
ਰੱਬ ਰਾਖਾ।