ਹਿਮਾਚਲ ‘ਚ ਮੀਂਹ ਨੇ ਮਚਾਈ ਤਬਾਹੀ, ਥਾਂ-ਥਾਂ ਫ਼ਸੇ 10 ਹਜ਼ਾਰ ਟੂਰਿਸਟ, ਪਰਿਵਾਰਕ ਮੈਂਬਰ ਪ੍ਰੇਸ਼ਾਨ

0
265

ਹਿਮਾਚਲ | ਹਿਮਾਚਲ ਪ੍ਰਦੇਸ਼ ਵਿਚ ਮੀਂਹ ਕਰਕੇ ਤਬਾਹੀ ਕਾਰਨ 10 ਹਜ਼ਾਰ ਤੋਂ ਵੱਧ ਸੈਲਾਨੀ ਵੱਖ-ਵੱਖ ਥਾਵਾਂ ‘ਤੇ ਫਸੇ ਹੋਏ ਹਨ। ਸਰਕਾਰ ਨੇ ਦੂਰ-ਦੁਰਾਡੇ ਇਲਾਕਿਆਂ ਵਿਚ ਫਸੇ ਲੋਕਾਂ ਨੂੰ ਬਚਾਉਣ ਲਈ 6 ਹੈਲੀਕਾਪਟਰ ਤਾਇਨਾਤ ਕੀਤੇ ਹਨ। ਇਸ ਦੇ ਨਾਲ ਹੀ ਫਸੇ ਲੋਕਾਂ ਦੇ ਪਰਿਵਾਰਾਂ ਦੀਆਂ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ। ਦੱਸ ਦਈਏ ਕਿ ਹਿਮਾਚਲ ਦੇ ਕਈ ਇਲਾਕਿਆਂ ਵਿਚ ਹਾਲਾਤ ਇਹ ਹਨ ਕਿ ਨਦੀਆਂ ਨੇ ਭਿਆਨਕ ਰੂਪ ਧਾਰ ਲਿਆ ਹੈ। ਕਈ ਪੁਲ ਰੁੜ੍ਹ ਗਏ ਹਨ, ਕਈ ਥਾਵਾਂ ‘ਤੇ ਲੈਂਡਸਲਾਈਡ ਹੋ ਰਹੇ ਹਨ।

ਜਾਣਕਾਰੀ ਮੁਤਾਬਕ ਲਾਹੌਲ ਸਪਿਤੀ ਦੇ ਚੰਦਰਤਾਲ ‘ਚ ਅਜੇ ਵੀ ਕਰੀਬ 293 ਸੈਲਾਨੀ ਫਸੇ ਹੋਏ ਹਨ। ਇਨ੍ਹਾਂ ਵਿਚ ਕੁਝ ਵਿਦੇਸ਼ੀ ਸੈਲਾਨੀ ਅਤੇ ਔਰਤਾਂ ਵੀ ਦੱਸੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਸੁੱਖੂ ਨੇ ਕਿਹਾ ਕਿ ਬਜ਼ੁਰਗ ਅਤੇ ਬੀਮਾਰ ਸੈਲਾਨੀਆਂ ਨੂੰ ਪਹਿਲ ਦੇ ਆਧਾਰ ‘ਤੇ ਬਚਾਇਆ ਜਾਵੇਗਾ।

ਕੁੱਲੂ ਜ਼ਿਲ੍ਹੇ ਦੇ ਉੱਚੇ ਇਲਾਕਿਆਂ ਵਿਚ ਸੈਂਕੜੇ ਸੈਲਾਨੀ ਹੋਟਲਾਂ, ਹੋਮ ਸਟੇਅ, ਅਸਥਾਈ ਟੈਂਟਾਂ ਜਾਂ ਲੋਕਾਂ ਦੇ ਘਰਾਂ ਵਿਚ ਫਸੇ ਹੋਏ ਦੱਸੇ ਜਾਂਦੇ ਹਨ। ਮੋਬਾਈਲ ਨੈੱਟਵਰਕ ਬੰਦ ਹੋਣ ਅਤੇ ਬਲੈਕਆਊਟ ਕਾਰਨ ਫ਼ੋਨ ਬੰਦ ਹੋਣ ‘ਤੇ ਉਨ੍ਹਾਂ ਦੇ ਰਿਸ਼ਤੇਦਾਰ ਸੰਪਰਕ ਨਹੀਂ ਕਰ ਪਾ ਰਹੇ। ਦੂਜੇ ਪਾਸੇ ਚੰਬਾ ਦੇ ਮਨੀਮਹੇਸ਼ ਵਿਚ ਵੀ 200 ਸੈਲਾਨੀ ਫਸੇ ਹੋਏ ਹਨ। ਸੜਕੀ ਸੰਪਰਕ ਨਾ ਹੋਣ ਕਾਰਨ ਉਨ੍ਹਾਂ ਨੂੰ ਬਚਾਉਣਾ ਮੁਸ਼ਕਲ ਹੈ।

ਹਿਮਾਚਲ ਪੁਲਿਸ ਦੇ ਕਾਰਜਕਾਰੀ ਡੀਜੀਪੀ ਸਤਵੰਤ ਅਟਵਾਲ ਨੇ ਦੱਸਿਆ ਕਿ ਮਨੀਮਹੇਸ਼ ਵਿੱਚ ਫਸੇ ਸਾਰੇ ਲੋਕ ਸੁਰੱਖਿਅਤ ਹਨ। ਜਲਦੀ ਹੀ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਚੰਦਰਤਾਲ ਤੋਂ ਭੁੰਤਰ ਤੱਕ ਕੁਝ ਸੈਲਾਨੀਆਂ ਨੂੰ ਲਿਆਂਦਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਂਝ ਖੇਤਰ ਵਿਚ ਬਿਹਤਰ ਸੰਪਰਕ ਲਈ ਸਥਾਨਕ ਪੁਲਿਸ ਨੂੰ ਮੌਕੇ ‘ਤੇ ਦੋ ਸੈਟੇਲਾਈਟ ਫ਼ੋਨ ਮੁਹੱਈਆ ਕਰਵਾਏ ਗਏ ਹਨ। ਹੜ੍ਹ ਕਾਰਨ ਸੰਪਰਕ ਪ੍ਰਣਾਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਰਾਜ ਸਰਕਾਰ ਇਸ ਨੂੰ ਬਹਾਲ ਕਰਨ ਲਈ ਠੋਸ ਕਦਮ ਚੁੱਕ ਰਹੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ