ਬਠਿੰਡਾ | ਇਥੋਂ ਇਕ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਕੈਨੇਡਾ ਜਾਣ ਲਈ ਸਿਰਸਾ ਦੇ ਇਕ ਪਿੰਡ ਦੀ ਰਹਿਣ ਵਾਲੀ ਲੜਕੀ ਨੇ ਆਪਣੀ ਮਾਂ ਤੇ ਭਰਾ ਨਾਲ ਮਿਲ ਕੇ ਸਾਜ਼ਿਸ਼ ਤਹਿਤ ਬਠਿੰਡਾ ਜ਼ਿਲ੍ਹੇ ਦੇ ਪਿੰਡ ਲਾਲੇਆਣਾ ਦੇ ਇਕ ਨੌਜਵਾਨ ਨਾਲ ਵਿਆਹ ਕੀਤਾ ਤੇ ਸਹੁਰਿਆਂ ਦੇ ਪੈਸਿਆਂ ‘ਤੇ ਕੈਨੇਡਾ ਚਲੀ ਗਈ। ਬਾਅਦ ਵਿਚ ਆਪਣੇ ਪਤੀ ਨੂੰ ਕੈਨੇਡਾ ਬੁਲਾ ਕੇ ਉਥੇ ਝੂਠੇ ਕੇਸ ਵਿਚ ਫਸਾਉਣ ਦੀ ਧਮਕੀ ਦੇ ਕੇ ਡਿਪੋਰਟ ਕਰਵਾ ਦਿੱਤਾ।
ਪੀੜਤ ਪਰਿਵਾਰ ਨੇ ਆਪਣੇ ਨਾਲ ਹੋਈ ਇਸ ਧੋਖਾਧੜੀ ਦੀ ਸ਼ਿਕਾਇਤ ਐਸਐਸਪੀ ਬਠਿੰਡਾ ਨੂੰ ਦਿੱਤੀ। ਮਾਮਲੇ ਦੀ ਜਾਂਚ ਤੋਂ ਬਾਅਦ ਥਾਣਾ ਤਲਵੰਡੀ ਸਾਬੋ ਵਿਖੇ ਪੁਲਿਸ ਦੇ ਈਓ ਵਿੰਗ ਨੇ ਮੁਲਜ਼ਮ ਐਨਆਰਆਈ ਪਤਨੀ, ਉਸਦੀ ਮਾਂ ਤੇ ਭਰਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਸ ਮਾਮਲੇ ‘ਚ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਪੀੜਤ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ 30 ਲੱਖ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਮੁਲਜ਼ਮ ਔਰਤ ਨੇ ਉਸ ਦੇ ਲੜਕੇ ਨੂੰ ਡਿਪੋਟ ਕਰਵਾ ਕੇ ਉਨ੍ਹਾਂ ਨਾਲ ਕਰੀਬ 46 ਲੱਖ ਰੁਪਏ ਦੀ ਠੱਗੀ ਮਾਰੀ। ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਮੁਲਜ਼ਮ ਐਨਆਰਆਈ ਲੜਕੀ ਅਰਸ਼ਜੋਤ ਕੌਰ, ਉਸਦੀ ਮਾਤਾ ਹਰਜੀਤ ਕੌਰ ਅਤੇ ਭਰਾ ਪ੍ਰਭਜੋਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।