ਲੁਧਿਆਣਾ : ਸਹੁਰੇ ਪਰਿਵਾਰ ਦੇ ਤਸ਼ੱਦਦ ਤੋਂ ਪ੍ਰੇਸ਼ਾਨ ਵਿਆਹੁਤਾ ਨੇ ਦਿੱਤੀ ਜਾਨ, 5 ਸਾਲ ਪਹਿਲਾਂ ਹੋਇਆ ਸੀ ਵਿਆਹ

0
1619

ਲੁਧਿਆਣਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਪਤੀ ਅਤੇ ਸਹੁਰੇ ਪਰਿਵਾਰ ਵੱਲੋਂ ਕਥਿਤ ਤੌਰ ‘ਤੇ ਕੁੱਟਮਾਰ ਅਤੇ ਤੰਗ ਕਰਨ ਤੋਂ ਦੁਖੀ ਵਿਆਹੁਤਾ ਨੇ ਜਾਨ ਦੇ ਦਿੱਤੀ। ਵਿਆਹੁਤਾ ਦੀ ਪਛਾਣ ਮਿਨਾਕਸ਼ੀ ਉਮਰ 37 ਸਾਲ ਦੇ ਰੂਪ ‘ਚ ਹੋਈ ਹੈ। ਇਸ ਘਟਨਾ ਸਬੰਧੀ ਥਾਣਾ ਟਿੱਬਾ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਨਿਊ ਕਰਮਸਰ ਕਾਲੋਨੀ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਦੇ ਬਿਆਨ ਉੱਪਰ ਮ੍ਰਿਤਕਾ ਦੇ ਮੁਲਜ਼ਮ ਪਤੀ ਬਿੱਟੂ ਵਰਮਾ, ਦਿਓਰ ਰਮਨ ਅਤੇ ਸੱਸ ਰਾਮ ਮੂਰਤੀ ਖਿਲਾਫ ਮਰਨ ਲਈ ਮਜਬੂਰ ਕਰਨ ਦੇ ਦੋਸ਼ ਵਿਚ ਪਰਚਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਸ਼ੋਕ ਕੁਮਾਰ ਮੁਤਾਬਕ ਬੇਟੀ ਮਿਨਾਕਸ਼ੀ ਦਾ ਵਿਆਹ ਕਰੀਬ 5 ਸਾਲ ਪਹਿਲਾਂ ਨਿਊ ਸ਼ਕਤੀ ਨਗਰ ਦੇ ਰਹਿਣ ਵਾਲੇ ਬਿੱਟੂ ਵਰਮਾ ਨਾਲ਼ ਕੀਤਾ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸਦੀ ਬੇਟੀ ਮਿਨਾਕਸ਼ੀ ਨਾਲ਼ ਪਤੀ ਬਿੱਟੂ ਅਤੇ ਸਹੁਰੇ ਪਰਿਵਾਰ ਦੇ ਮੈਂਬਰ ਦਾਜ ਦੀ ਮੰਗ ਕਰਦਿਆਂ ਕੁੱਟਮਾਰ ਕਰਨ ਲੱਗ ਪਏ। ਕਈ ਵਾਰ ਪਰਿਵਾਰਕ ਰਾਜ਼ੀਨਾਮੇ ਦੇ ਬਾਵਜੂਦ ਹਾਲਾਤ ਨਾ ਸੁਧਰੇ।

ਇਸ ਦੌਰਾਨ ਮਿਨਾਕਸ਼ੀ ਨੇ ਇਕ ਬੇਟੇ ਨੂੰ ਜਨਮ ਦਿੱਤਾ ਪਰ ਬੱਚੇ ਦੇ ਜਨਮ ਤੋਂ ਬਾਅਦ ਵੀ ਬਿੱਟੂ ਉਸਦੀ ਬੇਟੀ ਨਾਲ਼ ਕਾਫੀ ਕੁੱਟਮਾਰ ਕਰਦਾ ਸੀ। ਮੁੱਦਈ ਮੁਤਾਬਕ 30 ਮਈ ਨੂੰ ਵੀ ਮਿਨਾਕਸ਼ੀ ਨਾਲ਼ ਉਸਦੇ ਪਤੀ, ਦਿਓਰ ਤੇ ਸੱਸ ਨੇ ਕੁੱਟਮਾਰ ਕੀਤੀ। ਲੜਾਈ ਮਗਰੋਂ ਮਿਨਾਕਸ਼ੀ ਆਪਣੇ ਪੇਕੇ ਘਰ ਆ ਗਈ ਤੇ ਬੇਟੀ ਨੂੰ ਉਸਦੇ ਕਿਰਾਏ ਵਾਲੇ ਘਰ ਸੁਭਾਸ਼ ਨਗਰ ਛੱਡ ਦਿੱਤਾ। ਕੁੱਝ ਸਮੇਂ ਬਾਅਦ ਹੀ ਕੁੱਟਮਾਰ ਕਾਰਨ ਮਾਨਸਿਕ ਤੌਰ ‘ਤੇ ਪਰੇਸ਼ਾਨ ਮਿਨਾਕਸ਼ੀ ਨੇ ਕੁਝ ਖਾ ਲਿਆ। ਉਨ੍ਹਾਂ ਨੂੰ ਉਕਤ ਘਟਨਾ ਦੀ ਜਾਣਕਾਰੀ ਮਿਲੀ ਤਾਂ ਮਿਨਾਕਸ਼ੀ ਨੂੰ ਇਲਾਜ ਲਈ ਚੰਡੀਗੜ੍ਹ ਲਿਆਂਦਾ ਜਿੱਥੇ ਉਹ ਜ਼ੇਰੇ ਇਲਾਜ ਦਮ ਤੋੜ ਗਈ।