ਜਲੰਧਰ ਦੀਆਂ 2 ਕੋਰੋਨਾ ਪੀੜਤ ਬੱਚੀਆਂ ਨੂੰ ਖਿਡੌਣੇ ਦੇ ਕੇ ਪ੍ਰਸਾਸ਼ਨ ਨੇ ਦਿੱਤੀ ਵੱਡੀ ਖੁਸ਼ੀ

0
611

ਜਲੰਧਰ . ਸਿਵਲ ਹਸਪਤਾਲ ਵਿਖੇ ਕੋਵਿਡ-19 ਦੀਆਂ ਦੋ ਪਾਜ਼ੀਟਿਵ ਛੋਟੀਆਂ ਬੱਚੀਆਂ ਨੂੰ ਖੁਸ਼ੀ ਦੇਣ ਤੇ ਕੋਰੋਨਾ ਮਹਾਂਮਾਰੀ ਦੇ ਡਰ ਤੋਂ ਬਾਹਰ ਕੱਢਣ ਲਈ ਖਿਡੌਣੇ ਤੇ ਇਨਡੋਰ ਖੇਡਾਂ ਦੇ ਸੈੱਟ ਦਿੱਤੇ ਗਏ। ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਆਈਸੋਲੇਸਨ ਵਾਰਡ ਦਾ ਨਿਰੀਖਣ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਛੋਟੀਆਂ ਬੱਚੀਆਂ ਦੀ ਮੰਗ ‘ਤੇ ਉਨਾਂ ਨੂੰ ਇਨਡੋਰ ਖੇਡਾਂ ਦੇ ਸੈੱਟ ਮੁਹੱਈਆ ਕਰਵਾਏ ਗਏ ਤਾਂ ਕਿ ਬੱਚੀਆਂ ਦਾ ਧਿਆਨ ਕੋਰੋਨਾ ਵਾਇਰਸ ਦੇ ਵੱਲ ਨਾ ਜਾਵੇ।
ਡੀਸੀ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਦੋਂ ਤੱਕ ਇਨ੍ਹਾਂ ਬੱਚੀਆਂ ਦੀ ਰਿਪੋਰਟ ਨੈਗੇਟਿਵ ਨਹੀਂ ਆ ਜਾਂਦੀ ਇਨ੍ਹਾਂ ਦੇ ਹੋਰ ਮਨੋਰੰਜਨ ਨੂੰ ਯਕੀਨੀ ਬਣਾਉਣ ਲਈ ਟੈਲੀਵਿਜ਼ਨ ਲਗਾਏ ਜਾਣਗੇ। ਉਨ੍ਹਾਂ ਕਿਹਾ ਬੱਚਿਆਂ ਦੇ ਡਾਕਟਰਾਂ ਵਲੋਂ ਵਿਸ਼ੇਸ਼ ਦੇਖਭਾਲ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਵਲੋਂ ਬੱਚੀਆਂ ਦੀ ਤੰਦਰੁਸਤ ਲਈ ਖਾਸ ਉਪਰਾਲੇ ਕੀਤੇ ਜਾ ਰਹੇ ਹਨ। ਬੱਚੀਆਂ ਨੂੰ ਫ਼ਲ ਅਤੇ ਭੋਜਨ ਤੋਂ ਇਲਾਵਾ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਕਿ ਆਤਮ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਬੱਚੀਆਂ ਨੂੰ ਸਤਰੰਜ, ਲੁਡੋ, ਕੈਰਮ ਬੋਰਡ, ਕਲੇਅ, ਬਲਾਕ ਪੱਜ਼ਲ ਅਤੇ ਹੋਰ ਵਾਤਾਵਰਨ ਨੂੰ ਵਧੀਆਂ ਤੇ ਉਤਸ਼ਾਹ ਭਰਪੂਰ ਬਣਾਉਣ ਲਈ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।  
ਸੀਨੀਅਰ ਮੈਡੀਕਲ ਅਫ਼ਸਰ ਡਾ. ਕਸ਼ਮੀਰੀ ਲਾਲ ਨੇ ਕਿਹਾ ਕਿ ਇਹ ਚੀਜ਼ਾਂ ਬੱਚੀਆਂ ਨੂੰ ਖੇਡਾਂ ਵਿੱਚ ਵਿਅਸਤ ਰੱਖਣਗੀਆਂ ਤੇ ਧਿਆਨ ਕੋਵਿਡ-19 ਤੋਂ ਹਟਿਆ ਰਹੇਗਾ। ਇਹ ਵੀ ਇਕ ਇਲਾਜ ਥੈਰੇਪੀ ਹੈ ਜਿਸ ਨਾਲ ਉਹ ਅਪਣੇ ਆਪ ਨੂੰ ਸਹਿਜ ਮਹਿਸੂਸ ਕਰਨਗੀਆਂ ਤੇ ਨਕਰਾਤਮਿਕ ਸੋਚ ਅਤੇ ਮਾਨਸਿਕ ਤਣਾਅ ਤੋਂ ਦੂਰ ਰਹਿਣਗੀਆਂ। ਬੱਚੀਆਂ ਬਸਤੀ ਦਾਨਿਸ਼ਮੰਦਾਂ ਦੇ ਜੀਤ ਲਾਲ ਨਾਲ ਨੇੜਲੇ ਸੰਪਰਕ ਵਿੱਚ ਰਹੀਆਂ ਹਨ ਜਿਸ ਦੀ ਰਿਪੋਰੋਟ ਪਾਜ਼ੀਟਿਵ ਆਈ ਹੈ। ਬੱਚੀਆਂ ਨੂੰ 17 ਅਪ੍ਰੈਲ ਸ਼ਾਮ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਹੋਈਆਂ ਉਸ ਵੇਲੇ ਘਬਰਾਹਟ ਮਹਿਸੂਸ ਕਰ ਰਹੀਆਂ ਸਨ।