ਪਟਿਆਲਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਪਿੰਡ ਜਲਖੇੜੀ ‘ਚ ਸਹੁਰਿਆਂ ਦੀ ਜਾਇਦਾਦ ਦੇ ਝਗੜੇ ਤੋਂ ਤੰਗ ਆ ਕੇ ਇਕ ਵਿਆਹੁਤਾ ਨੇ ਖੁਦ ਨੂੰ ਅੱਗ ਲਗਾ ਲਈ। ਅੱਗ ਲੱਗਣ ਕਾਰਨ ਵਿਆਹੁਤਾ ਦੀ ਪੀਜੀਆਈ ਵਿਚ ਇਲਾਜ ਦੌਰਾਨ 15 ਮਈ ਨੂੰ ਮੌਤ ਹੋ ਗਈ ਸੀ। ਪੋਸਟਮਾਰਟਮ ਕਰਵਾ ਕੇ ਪੁਲਿਸ ਨੇ ਮ੍ਰਿਤਕਾ ਸੀਮਾ ਰਾਣੀ ਦੇ ਪਤੀ ਰਾਮਬੀਰ ਸਿੰਘ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਹੈ।
ਇਹ ਮਾਮਲਾ ਮ੍ਰਿਤਕਾ ਦੇ ਸਹੁਰੇ ਲਾਭ ਸਿੰਘ, ਜੀਜਾ ਰਾਮਕਰਨ, ਸੱਸ ਸ਼ਾਂਤੀ ਦੇਵੀ ਤੇ ਅਮਰਜੀਤ ਕੌਰ ਵਾਸੀ ਪਿੰਡ ਜਲਖੇੜੀ ਸਾਧੂ ਨਗਰ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਫਿਲਹਾਲ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਇਸ ਦੀ ਪੁਸ਼ਟੀ ਕਰਦਿਆਂ ਥਾਣਾ ਜੁਲਕਾਂ ਦੇ ਇੰਚਾਰਜ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਕਤ ਔਰਤ ਨੂੰ 11 ਮਈ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਸ਼ਿਕਾਇਤਕਰਤਾ ਰਾਮਬੀਰ ਸਿੰਘ ਅਨੁਸਾਰ ਉਸ ਦੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਸਾਂਝੀ ਜ਼ਮੀਨ ਹੈ। ਅਕਸਰ ਇਸ ਜ਼ਮੀਨ ‘ਤੇ ਤੂੜੀ ਦੇ ਢੇਰ ਬਣਾ ਕੇ ਆਪਸ ‘ਚ ਵੰਡ ਲੈਂਦੇ ਸਨ ਪਰ ਪਿਛਲੇ ਕੁਝ ਸਮੇਂ ਤੋਂ ਜ਼ਮੀਨ ਅਤੇ ਇਸ ਦੀ ਪੈਦਾਵਾਰ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਅਜਿਹੇ ‘ਚ ਪਰਿਵਾਰਕ ਮੈਂਬਰ ਰਾਮਬੀਰ ਦੀ ਪਤਨੀ ਨੂੰ ਉਸ ਦੀ ਗੈਰ-ਹਾਜ਼ਰੀ ‘ਚ ਤੰਗ-ਪਰੇਸ਼ਾਨ ਕਰਦੇ ਸਨ। 11 ਮਈ ਨੂੰ ਵੀ ਤੂੜੀ ਦੇ ਢੇਰ ਦੇ ਹਿੱਸੇ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਕਾਰਨ ਸੀਮਾ ਰਾਣੀ ਨੇ ਆਪਣੇ ਆਪ ਨੂੰ ਅੱਗ ਲਗਾ ਲਈ ਸੀ। ਅੱਗ ਲੱਗਣ ਕਾਰਨ 50 ਫੀਸਦੀ ਤੋਂ ਵੱਧ ਝੁਲਸੀ ਸੀਮਾ ਰਾਣੀ ਨੂੰ ਪੀਜੀਆਈ ਰੈਫਰ ਕੀਤਾ ਗਿਆ, ਜਿਥੇ ਉਸ ਦੀ ਮੌਤ ਹੋ ਗਈ।