ਨਵਾਂਸ਼ਹਿਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਚੱਕ ਹਾਜੀਪੁਰ ’ਚ ਉਦੋਂ ਮਾਤਮ ਛਾ ਗਿਆ, ਜਦੋਂ ਸੜਕ ਹਾਦਸੇ ’ਚ ਮਾਰੇ ਗਏ ਅਵਤਾਰ ਸਿੰਘ ਪੁੱਤਰ ਗੁਰਮੇਲ ਸਿੰਘ ਤੇ ਉਸ ਦੀ ਮਾਤਾ ਮਲਕੀਅਤ ਕੌਰ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਇਕੱਠਿਆਂ ਦਾ ਸਸਕਾਰ ਕੀਤਾ ਗਿਆ।
ਜਾਣਕਾਰੀ ਅਨੁਸਾਰ ਅਵਤਾਰ ਸਿੰਘ ਆਪਣੀ ਪਤਨੀ ਤੇ 2 ਕੁੱਤਿਆਂ ਨੂੰ ਨਾਲ ਲੈ ਕੇ ਆਪਣੀ ਮਾਂ ਦੇ ਸਸਕਾਰ ’ਚ ਸ਼ਾਮਲ ਹੋਣ ਲਈ ਐਕਟਿਵਾ ’ਤੇ ਜਾ ਰਹੇ ਸਨ, ਨਵਾਂਸ਼ਹਿਰ ਨਜ਼ਦੀਕ ਕਰਿਆਮ ਰੋਡ ਨਹਿਰ ਕੋਲ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰੀ, ਜਿਸ ’ਤੇ ਅਵਤਾਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ।
ਦੋਵੇਂ ਕੁੱਤੇ ਵੀ ਮਾਰੇ ਗਏ, ਜਿਸ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਘਟਨਾ ਤੋਂ ਬਾਅਦ ਕਾਰ ਚਾਲਕ ਗੁਰਪ੍ਰੀਤ ਸਿੰਘ ਪੁੱਤਰ ਗਿਆਨ ਸਿੰਘ ਬਾਸੀ ਸਕੋਹਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।