ਗੁਰਦੁਆਰਾ ਸਾਹਿਬ ’ਚ ਦਾਰੂੂ ਪੀਣ ਵਾਲੀ ਔਰਤ ਨੂੰ ਸ਼ਰਾਬ ਦੀ ਲੱਗੀ ਸੀ ਲਤ, ਨਸ਼ਾ ਛੁਡਾਊ ਕੇਂਦਰ ‘ਚ ਚੱਲ ਰਿਹਾ ਸੀ ਇਲਾਜ : SSP

0
2009

ਪਟਿਆਲਾ| ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਚ ਸ਼ਰਾਬ ਪੀਣ ਵਾਲੀ ਔਰਤ ਨਸ਼ੇੜੀ ਸੀ ਜਿਸਨੂੰ ਸ਼ਰਾਬ ਪੀਣ ਦੀ ਲਤ ਲੱਗੀ ਹੋਈ ਸੀ ਤੇ ਇਸਦਾ ਇਕ ਨਸ਼ਾ ਛੁਡਾਊ ਕੇਂਦਰ ਵਿਚ ਇਲਾਜ ਵੀ ਚਲ ਰਿਹਾ ਸੀ। 

ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ ਐਸ ਪੀ ਨੇ ਦੱਸਿਆ ਕਿ ਇਹ ਔਰਤ ਬੀਤੇ ਕੱਲ੍ਹ ਜ਼ੀਰਕਪੁਰ ਤੋਂ ਬੱਸ ਵਿਚ ਬੈਠ ਕੇ ਇਥੇ ਪਹੁੰਚੀ ਸੀ ਤੇ ਇਹ ਸ਼ਰਾਬ ਦਾ ਪਊਆ ਲੈ ਕੇ ਗੁਰਦੁਆਰਾ ਸਾਹਿਬ ਪਹੁੰਚੀ ਸੀ । ਇਥੇ ਸੰਗਤਾਂ ਨੇ ਉਸਨੂੰ ਸ਼ਰਾਬ ਪੀਣ ਤੋਂ ਰੋਕਿਆ ਤਾਂ ਇਸਨੇ ਉਲਟਾ ਉਨ੍ਹਾਂ ’ਤੇ ਹਮਲਾ ਕੀਤਾ। 

ਉਨ੍ਹਾਂ ਦੱਸਿਆ ਕਿ ਇਸਨੂੰ ਮਾਰਨ ਵਾਲਾ ਨਿਰਮਲਜੀਤ ਸਿੰਘ ਸੈਣੀ ਇਕ ਬਹੁਤ ਹੀ ਧਾਰਮਿਕ ਆਸਥਾ ਵਾਲਾ ਸ਼ਰਧਾਲੁ ਹੈ ਜੋ ਇਸਦੇ ਸ਼ਰਾਬ ਪੀਣ ਤੋਂ ਤੈਸ਼ ਵਿਚ ਆ ਗਿਆ ਤੇ ਉਸਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ 5 ਗੋਲੀਆਂ ਚਲਾਈਆਂ ਜਿਸ ਵਿਚੋਂ 4 ਔਰਤ ਨੂੰ ਲੱਗੀਆਂ ਤੇ ਇਕ ਸੇਵਾਦਾਰ ਸਾਗਰ ਨੂੰ ਲੱਗ ਗਈ ਜੋ ਰਾਜਿੰਦਰਾ ਹਸਪਤਾਲ ਵਿਚ ਜੇਰੇ ਇਲਾਜ ਹੈ ਤੇ ਖਤਰੇ ਤੋਂ ਬਾਹਰ ਹੈ।

ਐਸ ਐਸ ਪੀ ਨੇ ਦੱਸਿਆ ਕਿ ਇਸ ਔਰਤ ਕੋਲੋਂ ਜੋ ਆਧਾਰ ਕਾਰਡ ਮਿਲਿਆ ਹੈ, ਉਸ ’ਤੇ ਕਿਸੇ ਪੀ ਜੀ ਦਾ ਐਡਰੈਸ ਸੀ ਜਿਥੇ ਇਹ ਬੀਤੇ 2-3 ਸਾਲਾਂ ਤੋਂ ਨਹੀਂ ਰਹਿ ਰਹੀ ਸੀ। ਹੁਣ ਤੱਕ ਉਸਦੀ ਲਾਸ਼ ਲੈਣ ਵਾਸਤੇ ਕੋਈ ਵੀ ਵਾਰਸ ਪੁਲਿਸ ਕੋਲ ਨਹੀਂ ਪੁੱਜਾ।