ਅਬੋਹਰ | ਇਥੋਂ ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਅਬੋਹਰ ਦੇ ਪਿੰਡ ਸੱਪਾਂਵਾਲੀ ਵਿਚ ਬੱਚਿਆਂ ਨੂੰ ਲੈ ਕੇ ਝਗੜਾ ਵੱਡਿਆਂ ਤਕ ਪਹੁੰਚ ਗਿਆ। ਇਸ ਕਾਰਨ ਗੁਆਂਢੀਆਂ ਨੇ ਔਰਤ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਨਹਿਰ ਵਿਚ ਧੱਕਾ ਦੇ ਦਿਤਾ। ਹਾਲਾਂਕਿ ਆਸ-ਪਾਸ ਦੇ ਲੋਕਾਂ ਨੇ ਔਰਤ ਨੂੰ ਨਹਿਰ ‘ਚੋਂ ਬਾਹਰ ਕੱਢ ਕੇ ਬਚਾਅ ਲਿਆ, ਜਿਸ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ।
ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ। ਇਲਾਜ ਅਧੀਨ ਸੁਨੀਤਾ ਰਾਣੀ ਪਤਨੀ ਰਮੇਸ਼ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪੁੱਤਰ ਦੀਪਕ ਦੀ ਗੁਆਂਢੀ ਦੇ ਬੱਚਿਆਂ ਨਾਲ ਲੜਾਈ ਹੋ ਗਈ ਸੀ। ਗੁਆਂਢੀ ਦੇ ਬੱਚਿਆਂ ਨੇ ਬੇਟੇ ਦੀ ਬਹੁਤ ਕੁੱਟਮਾਰ ਕੀਤੀ, ਜਿਸ ਦੀ ਸ਼ਿਕਾਇਤ ਕਰਨ ਲਈ ਉਹ ਗੁਆਂਢੀਆਂ ਦੇ ਘਰ ਪਹੁੰਚੀ, ਇਸ ‘ਤੇ ਗੁਆਂਢੀਆਂ ਨੇ ਗੁੱਸੇ ‘ਚ ਆ ਕੇ ਹਮਲਾ ਕਰ ਦਿੱਤਾ।
ਹਾਲਾਂਕਿ ਇਸ ਦੌਰਾਨ ਉਸ ਨੇ ਆਪਣਾ ਬਚਾਅ ਕੀਤਾ, ਜਿਸ ਤੋਂ ਬਾਅਦ ਉਹ ਵਾਪਸ ਘਰ ਆਉਣ ਲੱਗੀ ਤਾਂ ਮੁਲਜ਼ਮਾਂ ਨੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਨਹਿਰ ਵਿਚ ਧੱਕਾ ਦੇ ਦਿੱਤਾ। ਜਦੋਂ ਡੁੱਬਣ ‘ਤੇ ਉਸ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਉਥੇ ਪਹੁੰਚ ਗਏ ਅਤੇ ਉਸ ਨੂੰ ਨਹਿਰ ‘ਚੋਂ ਬਾਹਰ ਕੱਢ ਲਿਆ। ਇਸ ਤੋਂ ਬਾਅਦ ਲੋਕਾਂ ਨੇ ਪੀੜਤਾ ਨੂੰ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।