ਅਨੋਖੀ ਚੋਰੀ : ਪੈਸਿਆਂ ਵਾਲੇ ਗੱਲੇ ਨੂੰ ਹੱਥ ਨੀਂ ਲਾਇਆ; ਜ਼ਿੰਦਾ ਮੁਰਗਾ ਤੇ ਕੱਟਿਆ ਮੀਟ ਲੈ ਗਏ ਚੋਰ, ਘਟਨਾ CCTV ‘ਚ ਕੈਦ

0
735

ਅੰਮ੍ਰਿਤਸਰ| ਅੰਮ੍ਰਿਤਸਰ ਵਿੱਚ ਇੱਕ ਅਨੋਖੀ ਚੋਰੀ ਦੀ ਘਟਨਾ ਵਾਪਰੀ ਹੈ। ਚੋਰੀ ਦੀ ਵਾਰਦਾਤ ਮੀਟ ਦੀ ਦੁਕਾਨ ‘ਤੇ ਹੋਈ। ਜਿੱਥੇ ਦੋ ਚੋਰਾਂ ਨੇ ਦਾਖਲ ਹੋ ਕੇ ਜ਼ਿੰਦਾ ਮੁਰਗਾ ਅਤੇ ਮੀਟ ਚੋਰੀ ਕਰ ਲਿਆ। ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਇਸ ਸਾਰੀ ਘਟਨਾ ਵਿੱਚ ਚੋਰਾਂ ਨੇ ਨਾ ਤਾਂ ਨਕਦੀ ਚੋਰੀ ਕੀਤੀ ਅਤੇ ਨਾ ਹੀ ਪੈਸਿਆਂ ਵਾਲਾ ਗੱਲਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।

ਪ੍ਰਾਪਤ ਜਾਣਕਾਰੀ ਮੁਤਾਬਿਕ ਇਹ ਘਟਨਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦੀ ਹੈ। ਜਿਥੇ ਕਿ ਜਦੋਂ ਸਵੇਰੇ ਮਾਲਕ ਨੇ ਮੀਟ ਦੀ ਦੁਕਾਨ ਖੋਲ੍ਹੀ ਤਾਂ ਅੰਦਰੋਂ ਸਾਮਾਨ ਚੋਰੀ ਹੋਇਆ ਦੇਖ ਕੇ ਹੈਰਾਨ ਰਹਿ ਗਿਆ। ਚੋਰ ਛੱਤ ਰਾਹੀਂ ਦੁਕਾਨ ਅੰਦਰ ਦਾਖਲ ਹੋਏ ਸਨ। ਚੋਰ ਦੁਕਾਨ ਦੇ ਅੰਦਰ ਰੱਖਿਆ ਚਿਕਨ, ਮੀਟ ਅਤੇ ਕੁਝ ਪਾਈਪ ਚੋਰੀ ਕਰਕੇ ਫ਼ਰਾਰ ਹੋ ਗਏ।

ਘਟਨਾ ਤੋਂ ਬਾਅਦ ਜਦ ਸੀਸੀਟੀਵੀ ਦੀ ਚੈਕਿੰਗ ਕੀਤੀ ਗਈ ਤਾਂ ਉਸ ‘ਚ ਦੋ ਚੋਰ ਨਜ਼ਰ ਆਏ, ਜੋ ਦੁਕਾਨ ਦੇ ਅੰਦਰ ਵੜ ਰਹੇ ਸਨ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਦੇ ਆਧਾਰ ‘ਤੇ ਚੋਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਜਲਦੀ ਹੀ ਚੋਰਾਂ ਦਾ ਪਤਾ ਲਗਾ ਕੇ ਗ੍ਰਿਫਤਾਰ ਕਰ ਲਿਆ ਜਾਵੇਗਾ।