ਬਠਿੰਡਾ| ਬਠਿੰਡਾ ਦੇ ਮਿਲਟਰੀ ਸਟੇਸ਼ਨ ‘ਚ ਬੁੱਧਵਾਰ ਸਵੇਰੇ ਹੋਈ ਗੋਲੀਬਾਰੀ ‘ਚ ਚਾਰ ਲੋਕਾਂ ਦੀ ਮੌਤ ਹੋ ਗਈ। ਮਿਲਟਰੀ ਸਟੇਸ਼ਨ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਫੌਜ ਨੇ ਦੱਸਿਆ ਕਿ ਗੋਲੀਬਾਰੀ ਸਵੇਰੇ 4:35 ਵਜੇ ਹੋਈ ਅਤੇ ਹੁਣ ਇਹ ਰੁਕ ਗਈ ਹੈ। ਫੌਜ ਨੇ ਅਜੇ ਤੱਕ ਇਸ ਨੂੰ ਅੱਤਵਾਦੀ ਹਮਲਾ ਨਹੀਂ ਕਿਹਾ ਹੈ। ਇਹ ਵੀ ਸਪੱਸ਼ਟ ਨਹੀਂ ਹੈ ਕਿ ਮਾਰੇ ਗਏ ਨੌਜਵਾਨ ਹਨ ਜਾਂ ਆਮ ਨਾਗਰਿਕ।
ਪੁਲਿਸ ਨੂੰ ਮਿਲਟਰੀ ਸਟੇਸ਼ਨ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਛਾਉਣੀ ਦੇ ਬਾਹਰੋਂ ਅੰਦਰ ਨੂੰ ਗੋਲੀਬਾਰੀ ਕੀਤੀ ਗਈ ਹੈ। ਅਜਿਹੇ ‘ਚ ਇਸ ਹਮਲੇ ਨੂੰ ਅੱਤਵਾਦੀ ਹਮਲਾ ਕਿਹਾ ਜਾ ਰਿਹਾ ਹੈ।
ਕੁਝ ਰਿਪੋਰਟਾਂ ਵਿਚ ਕਿਹਾ ਜਾ ਰਿਹਾ ਹੈ ਕਿ ਗੋਲੀਬਾਰੀ ਮਿਲਟਰੀ ਸਟੇਸ਼ਨ ਦੇ ਅਫਸਰਾਂ ਦੀ ਮੈਸ ਵਿਚ ਹੋਈ ਅਤੇ ਗੋਲੀਬਾਰੀ ਕਰਨ ਵਾਲਾ ਵਿਅਕਤੀ ਸਾਦੇ ਕੱਪੜਿਆਂ ਵਿਚ ਸੀ। ਬਠਿੰਡਾ ਦੇ ਐਸਐਸਪੀ ਨੇ ਇਸ ਹਮਲੇ ਨੂੰ ਅੱਤਵਾਦੀ ਘਟਨਾ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਫੌਜੀਆਂ ਦੀ ਆਪਸੀ ਲੜਾਈ ਹੋ ਸਕਦੀ ਹੈ।
ਫੌਜ ਜਾਂ ਪੁਲਸ ਨੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ, ਜਿਸ ਨਾਲ ਸਥਿਤੀ ਸਪੱਸ਼ਟ ਹੋ ਸਕੇ ਕਿ ਇਹ ਘਟਨਾ ਅੱਤਵਾਦੀ ਹਮਲਾ ਸੀ ਜਾਂ ਆਪਸੀ ਗੋਲੀਬਾਰੀ। ਸੂਤਰਾਂ ਦੇ ਹਵਾਲੇ ਨਾਲ ਹੀ ਜਾਣਕਾਰੀ ਆ ਰਹੀ ਹੈ।
ਬਠਿੰਡਾ ਛਾਉਣੀ ਏਸ਼ੀਆ ਦੀ ਸਭ ਤੋਂ ਵੱਡੀ ਫੌਜੀ ਛਾਉਣੀ ਹੈ। ਇਸ ਮਿਲਟਰੀ ਸਟੇਸ਼ਨ ਦੀ ਸੀਮਾ ਕਰੀਬ 45 ਕਿਲੋਮੀਟਰ ਹੈ। ਇੱਥੋਂ ਦਾ ਅਸਲਾ ਡਿਪੂ ਦੇਸ਼ ਦੇ ਸਭ ਤੋਂ ਵੱਡੇ ਡਿਪੂਆਂ ਵਿੱਚੋਂ ਇੱਕ ਹੈ।