ਚੰਡੀਗੜ੍ਹ| ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਮੂਸੇਵਾਲਾ ਦਾ ਪਰਿਵਾਰ ਅਤੇ ਪ੍ਰਸ਼ੰਸਕ ਲਗਾਤਾਰ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਅੱਜ ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਨੇ ਫੇਸਬੁੱਕ ‘ਤੇ ਪੋਸਟ ਸ਼ੇਅਰ ਕੀਤੀ ਹੈ। ਨਿੱਕੂ ਨੇ ਲਿਖਿਆ ਕਿ ਸ਼ੁਭਦੀਪ ਸਿੰਘ ਸਿੱਧੂ ਨੂੰ ਇਨਸਾਫ਼ ਕਦੋਂ ਮਿਲੇਗਾ। ਕੀ ਸਿੱਧੂ ਦੇ ਮਾਤਾ-ਪਿਤਾ ਅਤੇ ਚਹੇਤਿਆਂ ਨੂੰ ਇਸੇ ਤਰ੍ਹਾਂ ਦੁੱਖ ਹੁੰਦਾ ਰਹੇਗਾ?
ਲੱਗਦਾ ਹੈ ਕਿ ਹੁਣ ਸਾਨੂੰ ਮਜਬੂਰੀ ‘ਚ ਆਪਣਾ ਦੇਸ਼ ਛੱਡਣਾ ਪਵੇਗਾ, ਪਰ ਮੈਂ ਅਤੇ ਮੇਰਾ ਪਰਿਵਾਰ ਇਹ ਕਦੇ ਨਹੀਂ ਚਾਹੁੰਦੇ ਸੀ। ਲੋਕਾਂ ਲਈ ਗੀਤ ਗਾਉਣ ਵਾਲੇ ਦੇ ਨਾਲ ਸਾਰੀ ਦੁਨੀਆ ਖੜ੍ਹੀ ਹੈ, ਪਰ ਪਤਾ ਨਹੀਂ ਇਨਸਾਫ ਲੈਣ ਵਾਲੇ ਕਿਉਂ ਸੁੱਤੇ ਪਏ ਹਨ। ਮੂਸੇਵਾਲਾ ਦੇ ਕਤਲ ਲਈ ਪੂਰੀ ਦੁਨੀਆ ਇਨਸਾਫ ਦੀ ਮੰਗ ਕਰ ਰਹੀ ਹੈ। ਜੇਕਰ ਇਹ ਸਰਕਾਰ ਪੰਜਾਬ ਦੇ ਪੁੱਤ ਨੂੰ ਇਨਸਾਫ਼ ਨਹੀਂ ਦੇ ਸਕਦੀ ਤਾਂ ਇਸ ਨੂੰ ਸਰਕਾਰ ਕਹਾਉਣ ਦਾ ਕੋਈ ਹੱਕ ਨਹੀਂ।
ਨਿੱਕੂ ਨੇ ਲਿਖਿਆ ਕਿ 25 ਸਾਲਾਂ ਤੋਂ ਆਪਣੇ ਪੰਜਾਬ ਵਿੱਚ ਰਹਿ ਕੇ ਗੁਰੂ ਦੀ ਬਖਸ਼ੀ ਦਸਤਾਰ ਅਤੇ ਪੰਜਾਬੀ ਗੀਤਾਂ ਰਾਹੀਂ ਪੰਜਾਬੀ ਮਾਂ ਬੋਲੀ ਰਾਹੀਂ ਲੋਕਾਂ ਦੀ ਸੇਵਾ ਕੀਤੀ ਹੈ। ਸਿੱਧੂ ਵਾਂਗ ਮੈਂ ਵੀ ਆਪਣਾ ਪਿੰਡ ਨਹੀਂ ਛੱਡਿਆ, ਪਰ ਹੁਣ ਮੇਰਾ ਦਿਲ ਨਹੀਂ ਲੱਗਦਾ, ਸਗੋਂ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਾਂ। ਸਿੱਧੂ ਨੇ ਵਿਦੇਸ਼ਾਂ ਨੂੰ ਵੀ ਪੰਜਾਬੀ ਸੁਣਨ ਲਾ ਦਿੱਤਾ ਸੀ।