ਲੁਧਿਆਣਾ : ਤੇਜ਼ ਰਫ਼ਤਾਰ ਟਰੈਕਟਰ ਨੇ ਕੁਚਲਿਆ ਵਿਅਕਤੀ, 4 ਬੱਚਿਆਂ ਦੇ ਸਿਰ ਤੋਂ ਉੱਠਿਆ ਬਾਪ ਦਾ ਸਾਇਆ

0
679

ਲੁਧਿਆਣਾ /ਮਾਛੀਵਾੜਾ ਸਾਹਿਬ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨੇੜਲੇ ਪਿੰਡ ਸੈਸੋਂਵਾਲ ਖੁਰਦ ਵਿਖੇ ਅੱਧੀ ਰਾਤ ਗਰੀਬ ਮਜ਼ਦੂਰ ਪਰਿਵਾਰ ਨਾਲ ਭਾਣਾ ਵਾਪਰ ਗਿਆ। ਘਰ ਦਾ ਕਮਾਉਣ ਵਾਲਾ ਜੀਅ ਤੇ 4 ਬੱਚਿਆਂ ਦਾ ਪਿਓ ਪ੍ਰਣਾਮ ਸਿੰਘ (39) ਦੀ ਅਚਾਨਕ ਦੇਰ ਰਾਤ ਸਿਹਤ ਖ਼ਰਾਬ ਹੋ ਗਈ। ਉਹ ਦਵਾਈ ਲੈਣ ਲਈ ਘਰੋਂ ਨਿਕਲਿਆ ਤਾਂ ਇਕ ਰੇਤੇ ਨਾਲ ਭਰੀ ਟ੍ਰੈਕਟਰ-ਟਰਾਲੀ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। 

ਮ੍ਰਿਤਕ ਦੀ ਪਤਨੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਇਕ ਧਾਗਾ ਫੈਕਟਰੀ ਵਿਚ ਮਜ਼ਦੂਰੀ ਕਰਦਾ ਸੀ। ਰਾਤ ਕਰੀਬ 1 ਵਜੇ ਉਸ ਦੇ ਪਤੀ ਦੀ ਤਬੀਅਤ ਖ਼ਰਾਬ ਹੋ ਗਈ, ਜਿਸ ਕਾਰਨ ਉਹ ਆਪਣੇ ਘਰੋਂ ਨੇੜੇ ਹੀ ਰਹਿੰਦੇ ਇਕ ਡਾਕਟਰ ਕੋਲ ਦਵਾਈ ਲੈਣ ਲਈ ਨਿਕਲ ਪਿਆ। 

ਪਤਨੀ ਨੇ ਦੱਸਿਆ ਕਿ ਅਜੇ ਉਹ ਪਿੰਡ ਦੀ ਸੜਕ ’ਤੇ ਹੀ ਗਿਆ ਸੀ ਕਿ ਇਕ ਤੇਜ਼ ਰਫ਼ਤਾਰ ਟ੍ਰੈਕਟਰ-ਟਰਾਲੀ ਨੇ ਉਸ ਦੇ ਪਤੀ ਨੂੰ ਦਰੜ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਟ੍ਰੈਕਟਰ-ਟਰਾਲੀ ਚਾਲਕ ਆਪਣਾ ਵਾਹਨ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ।

ਸਹਾਇਕ ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਟ੍ਰੈਕਟਰ-ਟਰਾਲੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਪ੍ਰਣਾਮ ਸਿੰਘ ਆਪਣੇ ਪਿੱਛੇ 3 ਛੋਟੀਆਂ-ਛੋਟੀਆਂ ਧੀਆਂ ਅਤੇ 1 ਲੜਕਾ ਛੱਡ ਗਿਆ ਹੈ। ਪ੍ਰਣਾਮ ਸਿੰਘ ਦੀ ਮੌਤ ਨਾਲ ਪਿੰਡ ਵਿਚ ਸੋਗ ਦੀ ਲਹਿਰ ਹੈ ਕਿਉਂਕਿ ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ।