ਗੁਰਦਾਸਪੁਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਥਾਣਾ ਤਿੱਬੜੀ ਅਧੀਨ ਪੈਂਦੇ ਪਿੰਡ ਭੁੰਬਲੀ ਵਿਚ ਦਿਲ ਦਹਿਲਾ ਦੇਣ ਵਾਲੀ ਘਟਨਾ ਹੋਈ ਹੈ। ਜਿਥੇ ਇਕ ਪੁਲਿਸ ਮੁਲਾਜ਼ਮ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਆਪਣੀ ਪਤਨੀ ਤੇ ਨੌਜਵਾਨ ਪੁੱਤਰ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਮੁਲਾਜ਼ਮ ਇਕ ਅਧਿਕਾਰੀ ਦੀ ਸੁਰੱਖਿਆ ਹੇਠ ਅੰਮ੍ਰਿਤਸਰ ਵਿਚ ਤਾਇਨਾਤ ਹੈ, ਜੋ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ ਸੀ।
ਪਿੰਡ ਭੁੰਬਲੀ ਦਾ ਰਹਿਣ ਵਾਲਾ ਭੁਪਿੰਦਰ ਸਿੰਘ ਪੁਲਿਸ ਵਿਭਾਗ ਵਿਚ ਤਾਇਨਾਤ ਹੈ। ਮੰਗਲਵਾਰ ਸਵੇਰੇ ਕਰੀਬ 9.30 ਵਜੇ ਉਸ ਨੇ ਆਪਣੀ ਪਤਨੀ ਅਤੇ ਪੁੱਤਰ ਨੂੰ ਬੇਰਹਿਮੀ ਨਾਲ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਪਿੰਡ ਭੁੰਬਲੀ ਦੇ ਸਰਪੰਚ ਪਰਮਜੀਤ ਅਨੁਸਾਰ ਇਸ ਸਬੰਧੀ ਥਾਣਾ ਤਿੱਬੜ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਿੰਡ ਭੁੰਬਲੀ ਦੇ ਸਰਪੰਚ ਪਰਮਜੀਤ ਨੇ ਇਸ ਸਬੰਧ ਵਿਚ ਥਾਣਾ ਤਿਬੜ ਦੇ ਮੁਨਸ਼ੀ ਨੂੰ ਫੋਨ ‘ਤੇ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਸ ਘਟਨਾ ਪਿੱਛੇ ਕੀ ਕਾਰਨ ਸੀ।
ਏਐਸਆਈ ਭੁਪਿੰਦਰ ਸਿੰਘ (48) ਵਲੋਂ ਆਪਣੀ ਪਤਨੀ ਬਲਜੀਤ ਕੌਰ (40) ਅਤੇ ਬੇਟੇ ਬਲਪ੍ਰੀਤ ਸਿੰਘ (19) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਦੇ ਨਾਲ ਹੀ ਏਐਸਆਈ ਨੇ ਆਪਣੇ ਪਾਲਤੂ ਕੁੱਤੇ ਨੂੰ ਵੀ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜਦੋਂ ਭੁਪਿੰਦਰ ਸਿੰਘ ਨੂੰ ਇਕ ਲੜਕੀ ਨੇ ਭੱਜਦੇ ਹੋਏ ਦੇਖਿਆ ਤਾਂ ਉਸ ਨੇ ਲੜਕੀ ਨੂੰ ਵੀ ਅਗਵਾ ਕਰ ਲਿਆ। ਫਿਲਹਾਲ ਪੁਲਿਸ ਏਐਸਆਈ ਭੁਪਿੰਦਰ ਸਿੰਘ ਦੀ ਭਾਲ ਕਰ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਏਐਸਆਈ ਦਾ ਲੜਕਾ ਬਲਪ੍ਰੀਤ ਸਿੰਘ ਉਚੇਰੀ ਪੜ੍ਹਾਈ ਲਈ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ। ਮੌਕੇ ’ਤੇ ਪਹੁੰਚੇ ਐਸਐਸਪੀ ਗੁਰਦਾਸਪੁਰ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਵਲੋਂ ਨੇੜਲੇ ਇਲਾਕਿਆਂ ਵਿਚ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ।