ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਦੇ ਹੱਤਿਆਰੇ 50 ਹਜ਼ਾਰ ਦੇ ਇਨਾਮੀ ਬਦਮਾਸ਼ ਦਾ ਹੋਇਆ ਐਨਕਾਊਂਟਰ

0
1997

ਬਿਹਾਰ/ਮੁਜ਼ੱਫਰਨਗਰ | ਇਥੋਂ ਇਕ ਐਨਕਾਊਂਟਰ ਦੀ ਖਬਰ ਸਾਹਮਣੇ ਆਈ ਹੈ। ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਸਣੇ ਤੀਹਰੇ ਹੱਤਿਆ ਕਾਂਡ ਨੂੰ ਅੰਜਾਮ ਦੇਣ ਵਾਲਾ 50 ਹਜ਼ਾਰ ਦਾ ਇਨਾਮੀ ਬਦਮਾਸ਼ ਰਾਸ਼ਿਦ ਪੁਲਿਸ ਮੁਕਾਬਲੇ ’ਚ ਮਾਰਿਆ ਗਿਆ, ਜਦਕਿ ਉਸ ਦਾ ਸਾਥੀ ਫ਼ਰਾਰ ਹੋ ਗਿਆ। ਥਾਣਾ ਇੰਚਾਰਜ ਵੀ ਹੱਥ ’ਚ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਕਾਫ਼ੀ ਕੋਸ਼ਿਸ਼ ਮਗਰੋਂ ਫ਼ਰਾਰ ਹੋਏ ਬਦਮਾਸ਼ ਦਾ ਸੁਰਾਗ ਨਹੀਂ ਲੱਗਾ। ਰਾਸ਼ਿਦ ਖ਼ਿਲਾਫ਼ 10 ਤੋਂ ਜ਼ਿਆਦਾ ਲੁੱਟ, ਹੱਤਿਆ ਤੇ ਡਕੈਤੀ ਦੇ ਮੁਕੱਦਮੇ ਦਰਜ ਹਨ। ਸੁਰੈਸ਼ ਰੈਨਾ ਦੇ ਫੁੱਫੜ ਪਠਾਨਕੋਟ ਵਿਚ ਰਹਿੰਦੇ ਸਨ।

ਸੂਚਨਾ ਮਿਲਣ ਤੋਂ ਬਾਅਦ ਸ਼ਨੀਵਾਰ ਦੁਪਹਿਰ ਕਰੀਬ 4 ਵਜੇ ਪੁਲਿਸ ਤੇ ਐੱਸਓਜੀ ਟੀਮ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਟੀਮ ਨੇ ਇਕ ਬਾਈਕ ’ਤੇ ਸਵਾਰ 2 ਵਿਅਕਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ ’ਤੇ ਫਾਇਰਿੰਗ ਕਰ ਦਿੱਤੀ। ਜਵਾਬੀ ਫਾਇਰਿੰਗ ’ਚ ਇਕ ਬਦਮਾਸ਼ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋ ਗਿਆ, ਜਦਕਿ ਦੂਜਾ ਫ਼ਰਾਰ ਹੋ ਗਿਆ। ਪੁਲਿਸ ਨੇ ਜ਼ਖ਼ਮੀ ਨੂੰ ਹਸਪਤਾਲ ਭੇਜਿਆ, ਜਿੱਥੇ ਉਸ ਦੀ ਮੌਤ ਹੋ ਗਈ। ਬਦਮਾਸ਼ ਦੀ ਪਛਾਣ ਰਾਸ਼ਿਦ ਉਰਫ ਸਿਪਈਆ ਵਾਸੀ ਪੀਪਲਸਾਨਾ ਥਾਣਾ ਭੋਜਪੁਰ ਮੁਰਾਦਾਬਾਦ ਵਜੋਂ ਹੋਈ।

ਪੁਲਿਸ ਨੇ ਮੌਕੇ ਤੋਂ ਬਾਈਕ, 32 ਬੋਰ ਦਾ ਰਿਵਾਲਵਰ, ਪਿਸਤੌਲ ਤੇ ਭਾਰੀ ਮਾਤਰਾ ’ਚ ਕਾਰਤੂਸ ਬਰਾਮਦ ਕੀਤੇ ਹਨ। ਐੱਸਐੱਸਪੀ ਨੇ ਕਿਹਾ ਕਿ ਮਾਰਿਆ ਗਿਆ ਬਦਮਾਸ਼ ਕਸ਼ਯਮਾਰ ਗਿਰੋਹ ਦਾ ਮੈਂਬਰ ਹੈ। ਉਹ ਕਕਰੌਲੀ ਥਾਣੇ ਤੋਂ 50 ਹਜ਼ਾਰ ਦਾ ਇਨਾਮੀ ਸੀ। ਉਸ ਨੇ ਪਿਛਲੇ ਸਾਲ ਅਕਤੂਬਰ ਮਹੀਨੇ ’ਚ ਬਾਈਕ ਲੁੱਟ ਨੂੰ ਅੰਜਾਮ ਦਿੱਤਾ ਸੀ, ਜਦਕਿ ਜਨਵਰੀ ਮਹੀਨੇ ’ਚ ਉਹ ਸ਼ਾਹਪੁਰ ਖੇਤਰ ’ਚ ਹੋਏ ਮੁਕਾਬਲੇ ’ਚ ਫ਼ਰਾਰ ਹੋ ਗਿਆ ਸੀ। ਐੱਸਐੱਸਪੀ ਸੰਜੀਵ ਸੁਮਨ ਨੇ ਕਿਹਾ ਕਿ ਸ਼ਾਹਪੁਰ ਖੇਤਰ ਦਾ ਕਸ਼ਯਮਾਰ ਗਿਰੋਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਸੀ।