ਸਟੇਟ ਤੇ ਨੈਸ਼ਨਲ ਐਵਾਰਡੀ ਅਧਿਆਪਕਾਂ ਨੂੰ 1 ਤੇ 2 ਸਾਲ ਦਾ ਸੇਵਾ ਵਾਧਾ ਦੇਣ ਦਾ ਫੈਸਲਾ

0
1604

ਚੰਡੀਗੜ੍ਹ | ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਹਦਾਇਤਾਂ ‘ਤੇ ਸਟੇਟ ਅਤੇ ਨੈਸ਼ਨਲ ਐਵਾਰਡੀ ਅਧਿਆਪਕਾਂ ਨੂੰ 1 ਅਤੇ 2 ਸਾਲ ਦੇ ਸੇਵਾ ਵਾਧਾ ਦੇਣ ਦੇ ਫੈਸਲੇ ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਿੱਖਿਆ ਮੰਤਰੀ ਦਾ ਅਹੁਦਾ ਸੰਭਾਲਣ ਉਪਰੰਤ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ, ਜਿਸ ਸਬੰਧੀ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ, ਇਸ ਬਾਰੇ ਰਿਪੋਰਟ ਤਿਆਰ ਕਰਕੇ ਉਨ੍ਹਾਂ ਨੂੰ ਪੇਸ਼ ਕੀਤੀ ਜਾਵੇ।

ਬੈਂਸ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ 2018 ਤੋਂ ਬਾਅਦ ਦੇ ਅਧਿਆਪਕਾਂ ਨੂੰ ਸੇਵਾ ਵਾਧੇ ਤੋਂ ਬਾਹਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੌਮ ਨਿਰਮਾਤਾਵਾਂ ਦੇ ਸਨਮਾਨ ਬਹਾਲੀ ਲਈ ਵਚਨਬੱਧ ਹੈ।

ਉਨ੍ਹਾਂ ਦੱਸਿਆ ਕਿ 09 ਅਕਤੂਬਰ 1989 ਨੂੰ ਜਾਰੀ ਹਦਾਇਤਾਂ  ਅਨੁਸਾਰ ਸਟੇਟ ਐਵਾਰਡ ਪ੍ਰਾਪਤ ਅਧਿਆਪਕਾਂ ਨੂੰ  58 ਸਾਲ ਦੀ ਉਮਰ ਪੂਰੀ ਹੋਣ ਉਪਰੰਤ 1 ਸਾਲ ਦੀ ਮੁੜ ਨਿਯੁਕਤੀ ਦਿੱਤੀ ਜਾਂਦੀ ਸੀ ਅਤੇ ਨੈਸ਼ਨਲ ਐਵਾਰਡ ਪ੍ਰਾਪਤ ਅਧਿਆਪਕਾਂ ਨੂੰ ਉਨ੍ਹਾਂ ਦੇ ਸੇਵਾਕਾਲ ਵਿਚ 2 ਸਾਲ ਦਾ ਵਾਧਾ ਸਾਲ ਦਰ ਸਾਲ ਇਸ ਆਧਾਰ ‘ਤੇ ਦਿੱਤr ਜਾਂਦਾ ਸੀ ਕਿ ਉਹ ਫਿਜ਼ੀਕਲੀ ਅਤੇ ਮੈਂਟਲੀ ਪੂਰੀ ਤਰ੍ਹਾਂ ਫਿੱਟ ਹੋਏ। ਇਹ ਹਦਾਇਤਾਂ 10.7.2018 ਨੂੰ ਨਵੀਆਂ ਹਦਾਇਤਾਂ ਜਾਰੀ ਹੋਣ ਤੱਕ ਲਾਗੂ ਸਨ।

ਸ. ਬੈਂਸ ਨੇ ਕਿਹਾ ਕਿ ਸਟੇਟ ਅਤੇ ਨੈਸ਼ਨਲ ਐਵਾਰਡੀ ਅਧਿਆਪਕਾਂ ਨੂੰ ਸੇਵਾ ਵਾਧਾ ਦੇਣ ਦਾ ਫੈਸਲਾ ਜਿਥੇ ਵਧੀਆ ਅਧਿਆਪਕਾਂ ਨੂੰ ਸਨਮਾਨ ਦੇਣ ਦਾ ਇਕ ਤਰੀਕਾ ਹੈ, ਉਸ ਦੇ ਨਾਲ ਹੀ ਬਾਕੀ ਅਧਿਆਪਕਾਂ ਨੂੰ ਉਤਸ਼ਾਹਿਤ ਵੀ ਕਰਦਾ ਹੈ ਅਤੇ ਨਾਲ ਹੀ ਇਨ੍ਹਾਂ ਵਧੀਆ ਅਧਿਆਪਕਾਂ ਦੀਆਂ ਵੱਧ ਸਮਾਂ ਸੇਵਾਵਾਂ ਹਾਸਲ ਕਰਕੇ ਵਿਭਾਗ ਅਤੇ ਵਿਦਿਆਰਥੀਆਂ ਨੂੰ ਲਾਭ ਵੀ ਮਿਲਦਾ ਹੈ।

ਉਨ੍ਹਾਂ ਕਿਹਾ ਕਿ ਸਟੇਟ ਐਵਾਰਡ/ਨੈਸ਼ਨਲ ਐਵਾਰਡ ਪ੍ਰਾਪਤ ਅਧਿਆਪਕਾਂ ਨੂੰ ਸੇਵਾ ਕਾਲ ਵਿਚ ਵਾਧਾ ਦੇਣ ਸਬੰਧੀ ਫੈਸਲੇ ਨੂੰ ਮੁੜ ਵਿਚਾਰਿਆ ਗਿਆ ਅਤੇ ਸਿੱਖਿਆ ਵਿਭਾਗ ਵਿਚ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ, ਜਿਸ ਨਾਲ ਸਾਰੇ ਸਟੇਟ ਐਵਾਰਡ/ਨੈਸ਼ਨਲ ਐਵਾਰਡ ਪ੍ਰਾਪਤ ਅਧਿਆਪਕਾਂ ਨੂੰ ਸੇਵਾ ਕਾਲ ਵਿਚ ਬਣਦਾ 1 ਸਾਲ/2 ਸਾਲ ਦਾ ਵਾਧਾ ਉਨ੍ਹਾਂ ਦੇ ਸਰਵਿਸ ਰਿਕਾਰਡ ਨੂੰ ਘੋਖਣ ਉਪਰੰਤ ਠੀਕ ਪਾਏ ਜਾਣ ‘ਤੇ ਮਿਲਣਯੋਗ ਹੋਵੇਗਾ।

ਉਨ੍ਹਾਂ ਦੱਸਿਆ ਕਿ ਮਿਤੀ 25/4/2020 ਰਾਹੀਂ ਜਾਰੀ ਹਦਾਇਤਾ ਤੁਰੰਤ ਪ੍ਰਭਾਵ ਤੋਂ ਖਤਮ ਕੀਤੀਆਂ ਜਾਂਦੀਆਂ ਹਨ ਅਤੇ ਮਿਤੀ 26/8/2020 ਨੂੰ ਜਾਰੀ ਕੀਤੀਆਂ ਹਦਾਇਤਾਂ ਵਿਚ ਇਸ ਹੱਦ ਤੱਕ ਸੋਧ ਕੀਤੀ ਜਾਂਦੀ ਹੈ ਕਿ ਇਨ੍ਹਾਂ ਹਦਾਇਤਾਂ ਦੇ ਪੈਰ੍ਹਾ-6 ਵਿਚ ਸਟੇਟ ਐਵਾਰਡੀਆਂ ਨੂੰ ਸੇਵਾ ਕਾਲ ਵਿਚ ਵਾਧਾ ਨਾ ਦੇਣ ਸਬੰਧੀ ਲਗਾਈ ਗਈ ਸ਼ਰਤ ਨੂੰ ਖਤਮ ਕੀਤਾ ਜਾਂਦਾ ਹੈ। ਇਹ ਹਦਾਇਤਾ ਮਿਤੀ 31/03/2023 ਤੋਂ ਲਾਗੂ ਹੋਣਗੀਆਂ।