ਕੋਰੋਨਾ ਸੰਕਟ : ਐਤਕੀ ਚੌਲ ਮਿੱਲਾਂ ‘ਚ ਕਣਕ ਵੇਚ ਸਕਣਗੇ ਕਿਸਾਨ

1
1268

ਰੂਪਨਗਰ. ਪੰਜਾਬ ਸਰਕਾਰ ਨੇ ਰਾਜ ਭਰ ਵਿਚ ਕਰੀਬ 1900 ਚੌਲ ਮਿੱਲਾਂ ਦੀ ਸ਼ਨਾਖ਼ਤ ਕੀਤੀ ਹੈ, ਜਿਨ੍ਹਾਂ ਨੂੰ ਆਰਜੀ ਤੌਰ ਤੇ ਮੰਡੀ ਯਾਰਡ ਦਾ ਦਰਜਾ ਦਿੱਤਾ ਜਾਣਾ ਹੈ। ਕਿਸਾਨ ਹਾੜੀ ਦੀ ਫ਼ਸਲ ਇਨ੍ਹਾਂ ਚੌਲ ਮਿੱਲਾਂ ਵਿਚ ਸਿੱਧੀ ਉਤਾਰ ਸਕਣਗੇ। ਖਰੀਦ ਏਜੰਸੀਆਂ ਇਨ੍ਹਾਂ ਸ਼ੈਲਰਾਂ ਵਿਚ ਫਸਲ ਦੀ ਬੋਲੀ ਲਾਉਣਗੀਆਂ। ਪੰਜਾਬ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਸਮਾਜਿਕ ਫਾਸਲਾ ਕਾਇਮ ਰੱਖਣ ਲਈ ਇਹ ਨਵਾਂ ਰਾਹ ਕੱਢਿਆ ਹੈ। ਅਜਿਹੇ 1897 ਸ਼ੈੱਲਰਾਂ ਦੀ ਸ਼ਨਾਖ਼ਤ ਕੀਤੀ ਹੈ, ਜਿਨ੍ਹਾਂ ਨੂੰ ਖਰੀਦ ਕੇਂਦਰ ਦਾ ਦਰਜਾ ਦਿੱਤਾ ਜਾਣਾ ਹੈ। ਖੁਰਾਕ ਤੇ ਸਪਲਾਈ ਵਿਭਾਗ ਨੇ ਅੱਜ ਮੰਡੀ ਬੋਰਡ ਪੰਜਾਬ ਨੂੰ ਇਨ੍ਹਾਂ ਦਾ ਨੋਟੀਫਿਕੇਸ਼ਨ ਜਾਰੀ ਕਰਨ ਵਾਸਤੇ ਸੂਚੀ ਭੇਜ ਦਿੱਤੀ ਹੈ। ਭਲਕੇ ਇਨ੍ਹਾਂ ਸ਼ੈੱਲਰਾਂ ਦੀ ਮੰਡੀ ਯਾਰਡ ਵਿਚ ਤਬਦੀਲ ਹੋਣ ਦੀ ਸੰਭਾਵਨਾ ਹੈ।

ਵੇਰਵਿਆਂ ਅਨੁਸਾਰ ਪੰਜਾਬ ਵਿਚ 1820 ਖਰੀਦ ਕੇਂਦਰ ਹਨ, ਜਿਨ੍ਹਾਂ ਵਿਚ ਹਰ ਵਰ੍ਹੇ ਫਸਲਾਂ ਦੀ ਵੇਚ ਵੱਟਤ ਹੁੰਦੀ ਹੈ। ਕਣਕ ਦੀ ਸਰਕਾਰੀ ਖਰੀਦ 15 ਅਪ੍ਰੈਲ ਤੋਂ ਸ਼ੁਰੂ ਹੋਣੀ ਹੈ ਅਤੇ ਸਰਕਾਰ ਨੂੰ ਖਦਸ਼ਾ ਹੈ ਕਿ ਮੰਡੀਆਂ ਵਿਚ ਕਿਸਾਨਾਂ ਦੀ ਭੀੜ ਜਮ੍ਹਾਂ ਨਾ ਹੋਵੇ ਜੋ ਕੋਰੋਨਾ ਦੇ ਪਸਾਰ ਦਾ ਮੁੱਢ ਬੰਨ੍ਹ ਦੇਵੇ। ਬਦਲ ਵਜੋਂ ਪਿੰਡਾਂ ਨੇੜਲੇ ਸ਼ੈੱਲਰਾਂ ਨੂੰ ਸਬ ਯਾਰਡ ਵਿਚ ਬਦਲਣ ਦਾ ਫੈਸਲਾ ਲਿਆ ਹੈ।

ਸ਼ੈੱਲਰ ਸਬ ਯਾਰਡਾਂ ਵਿਚ ਤਬਦੀਲ

ਸੰਗਰੂਰ ਦੇ 225, ਬਠਿੰਡਾ ਦੇ 353, ਲੁਧਿਆਣਾ ਦੇ 128, ਪਟਿਆਲਾ ਦੇ 178, ਬਰਨਾਲਾ ਦੇ 96, ਕਪੂਰਥਲਾ ਦੇ 56 ਮੋਗਾ ਦੇ 121,ਫਤਹਿਗੜ੍ਹ ਸਾਹਿਬ ਦੇ 18, ਫਿਰੋਜ਼ਪੁਰ ਦੇ 68, ਜਲੰਧਰ ਦੇ 74, ਗੁਰਦਾਸਪੁਰ ਦੇ 28, ਹੁਸ਼ਿਆਰਪੁਰ ਦੇ 15, ਤਰਨਤਾਰਨ ਦੇ 19, ਮਾਨਸਾ ਦੇ 233, ਮੁਕਤਸਰ ਦੇ 124 ਅਤੇ ਅੰਮ੍ਰਿਤਸਰ ਦੇ 9 ਸ਼ੈਲਰਾਂ ਨੂੰ ਸਬ ਯਾਰਡਾਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਮੁੱਖ ਮਕਸਦ ਇਹੋ ਹੈ ਕਿ ਮੰਡੀਆਂ ਵਿਚੋਂ ਭੀੜ ਨੂੰ ਘਟਾਇਆ ਜਾ ਸਕੇ। ਜਿਸ ਪਿੰਡ ਦੇ ਨੇੜੇ ਸ਼ਨਾਖ਼ਤ ਕੀਤਾ ਸ਼ੈਲਰਾਂ ਪੈਦਾ ਹੈ, ਉਸ ਪਿੰਡ ਦੇ ਕਿਸਾਨ ਆਪਣੀ ਫਸਲ ਸਿੱਧੀ ਸ਼ੈਲਰ ਵਿਚ ਉਤਾਰ ਸਕਣਗੇ। ਆੜ੍ਹਤੀਆਂ ਵਲੋਂ ਕਿਸਾਨਾਂ ਨੂੰ ਇਸ ਬਾਰੇ ਜਾਣੂ ਕਰਾਇਆ ਜਾਵੇਗਾ।

ਲੇਬਰ ਨੂੰ ਖਾਣਾ ਵੀ ਮਿਲੇਗਾ : ਆਸ਼ੂ

ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ ਕਰੀਬ 1800 ਸ਼ੈਲਰਾਂ ਨੂੰ ਮੰਡੀ ਯਾਰਡ ਵਿਚ ਤਬਦੀਲ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਸ਼ੈਲਰਾਂ ਨਾਲ ਪਿੰਡ ਅਟੈਚ ਕੀਤੇ ਜਾ ਰਹੇ ਹਨ। ਹਰ ਸ਼ੈਲਰ ਇਕ-ਇਕ ਖਰੀਦ ਏਜੰਸੀ ਨੂੰ ਅਲਾਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਵਲੋਂ ਮੰਡੀ ਯਾਰਡ ਵਿਚ ਸਫਾਈ ਤੇ ਪਾਣੀ ਪ੍ਰਬੰਧ ਕੀਤੇ ਜਾਣਗੇ ਅਤੇ ਲੇਬਰ ਨੂੰ ਖਾਣਾ ਵੀ ਦਿੱਤਾ ਜਾਵੇਗਾ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।

1 COMMENT

Comments are closed.