ਚੰਡੀਗੜ੍ਹ| ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਗਵਾਹ ਪੰਜਾਬ ਪੁਲਿਸ ਦੇ ਹੌਲਦਾਰ ਬਲਵਿੰਦਰ ਸਿੰਘ ਉਰਫ਼ ਬਿੱਟੂ ਦੇ ਨਵਾਂਗਾਓਂ ਘਰੋਂ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਮਾਮਲੇ ਵਿੱਚ ਪੁਲਿਸ ਨੇ ਪਹਿਲਾਂ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਸੀ ਪਰ ਮਾਮਲੇ ਦੀ ਜਾਂਚ ਕਰਨ ਮਗਰੋਂ ਬਲਵਿੰਦਰ ਸਿੰਘ ਦੀ ਤੀਜੀ ਪਤਨੀ ਗਗਨਪ੍ਰੀਤ ਸਿੱਧੂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਪੁੱਛਗਿੱਛ ਤੋਂ ਬਾਅਦ ਦੋਸ਼ੀ ਗਗਨਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਮਾਮਲਾ ਪਰਿਵਾਰਕ ਮੈਂਬਰਾਂ ਦੇ ਆਪਸੀ ਝਗੜੇ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਨਵਾਂਗਾਓਂ ਥਾਣੇ ‘ਚ ਕੰਮ ਕਰਦੇ ਏ.ਐੱਸ.ਆਈ. ਨੂੰ ਉਸ ਦੇ ਕਿਸੇ ਮੁਖਬਰ ਨੇ ਸੂਚਨਾ ਦਿੱਤੀ ਕਿ ਬਲਵਿੰਦਰ ਸਿੰਘ ਦਾ ਪੁੱਤਰ ਦੀਪਕ ਨਸ਼ੇ ਦਾ ਕਾਰੋਬਾਰ ਕਰਦਾ ਹੈ। ਜੇਕਰ ਹੁਣੇ ਉਸ ਦੇ ਘਰ ਛਾਪਾ ਮਾਰਿਆ ਜਾਵੇ ਤਾਂ ਉਸ ਦੇ ਘਰੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਜਾ ਸਕਦੀਆਂ ਹਨ।
ਸੂਚਨਾ ਮਿਲਣ ’ਤੇ ਐਸਆਈ ਨੇ ਪੁਲੀਸ ਟੀਮ ਨਾਲ ਛਾਪਾ ਮਾਰ ਕੇ ਘਰ ਦੇ ਇੱਕ ਕਮਰੇ ਵਿੱਚੋਂ 960 ਨਸ਼ੀਲੀਆਂ ਗੋਲੀਆਂ ਟਰਾਮਾਡੋਲ ਬਰਾਮਦ ਕੀਤੀਆਂ। ਇਸ ਮਾਮਲੇ ਦੀ ਜਾਂਚ ਦੌਰਾਨ ਜਦੋਂ ਪੁਲਿਸ ਨੂੰ ਸ਼ੱਕ ਹੋਇਆ ਤਾਂ ਪੁਲਿਸ ਨੇ ਮੁਖ਼ਬਰ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ | ਇਸ ਤੋਂ ਬਾਅਦ ਮਾਮਲੇ ‘ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ।
ਦਰਅਸਲ ਗਗਨਪ੍ਰੀਤ ਸਿੱਧੂ ਹੌਲਦਾਰ ਬਲਵਿੰਦਰ ਸਿੰਘ ਦੀ ਤੀਜੀ ਪਤਨੀ ਹੈ। ਉਨ੍ਹਾਂ ਦੀ ਪਹਿਲੀ ਪਤਨੀ ਤੋਂ ਇਕ ਪੁੱਤਰ ਦੀਪਕ ਹੈ, ਜਦਕਿ ਦੂਜੀ ਪਤਨੀ ਵੱਖ ਰਹਿੰਦੀ ਹੈ। ਉਸ ਤੋਂ ਧੀਆਂ ਹੋਈਆਂ ਹਨ। ਤੀਜੀ ਪਤਨੀ ਤੋਂ ਇੱਕ ਲੜਕੀ ਵੀ ਹੈ। ਦੀਪਕ ਅਤੇ ਗਗਨਪ੍ਰੀਤ ਦੀ ਆਪਸੀ ਲੜਾਈ ਹੁੰਦੀ ਰਹਿੰਦੀ ਸੀ। ਪੁਲਿਸ ਅਨੁਸਾਰ ਗਗਨਪ੍ਰੀਤ ਕੌਰ ਨੇ ਦੀਪਕ ਨੂੰ ਫਸਾਉਣ ਲਈ ਇਹ ਸਾਰੀ ਸਾਜ਼ਿਸ਼ ਰਚੀ ਸੀ।
20 ਹਜ਼ਾਰ ਰੁਪਏ ਦੇ ਕੇ ਪੁਲਿਸ ਨੂੰ ਮੁਖਬਰ ਬਣਾਇਆ ਇਕ ਪੁਲਸ ਅਧਿਕਾਰੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਇਸ ਮਾਮਲੇ ‘ਚ ਗਗਨਪ੍ਰੀਤ ਕੌਰ ਨੇ ਘਰ ਦੀ ਨੌਕਰਾਣੀ ਦੇ ਭਰਾ ਨੂੰ 20 ਹਜ਼ਾਰ ਰੁਪਏ ਦੇ ਕੇ ਪੁਲਸ ਨੂੰ ਮੁਖਬਰ ਬਣਾਇਆ ਸੀ। ਉਸ ਦੀ ਤਰਫੋਂ ਪੁਲਿਸ ਨੂੰ ਦੀਪਕ ਦੇ ਕਮਰੇ ਵਿੱਚ ਨਸ਼ੀਲੇ ਪਦਾਰਥ ਹੋਣ ਦੀ ਸੂਚਨਾ ਮਿਲੀ ਸੀ।
ਬਲਵਿੰਦਰ ਦੇ ਘਰ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਦੇ ਘਰ ਦੇ ਸੀਸੀਟੀਵੀ ਕੈਮਰੇ ਪਿਛਲੇ ਕਈ ਦਿਨਾਂ ਤੋਂ ਬੰਦ ਪਏ ਸਨ। ਪੁਲਿਸ ਨੂੰ ਸ਼ੱਕ ਹੈ ਕਿ ਇਹ ਕੈਮਰੇ ਗਗਨਦੀਪ ਨੇ ਖੁਦ ਬੰਦ ਕੀਤੇ ਹਨ, ਤਾਂ ਜੋ ਉਸ ਦੀ ਸਾਜ਼ਿਸ਼ ਦਾ ਖੁਲਾਸਾ ਨਾ ਹੋ ਸਕੇ।
ਕੌਣ ਹੈ ਬਲਵਿੰਦਰ ਸਿੰਘ ਬਿੱਟੂ
ਬਲਵਿੰਦਰ ਸਿੰਘ ਉਰਫ਼ ਬਿੱਟੂ ਪਹਿਲਾਂ ਚੰਡੀਗੜ੍ਹ ਵਿੱਚ ਵਾਹਨਾਂ ਨੂੰ ਪੇਂਟ ਕਰਨ ਦਾ ਕੰਮ ਕਰਦਾ ਸੀ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿੱਚ ਵਰਤੀ ਗਈ ਅੰਬੈਸਡਰ ਕਾਰ ਉਨ੍ਹਾਂ ਦੀ ਦੁਕਾਨ ‘ਤੇ ਤਿਆਰ ਕੀਤੀ ਗਈ ਸੀ। ਕਤਲ ਤੋਂ ਬਾਅਦ ਉਸ ਨੇ ਸਭ ਤੋਂ ਪਹਿਲਾਂ ਪੁਲਿਸ ਨੂੰ ਕਾਰ ਬਾਰੇ ਸੂਚਿਤ ਕੀਤਾ ਸੀ। ਇਸੇ ਦੀ ਜਾਣਕਾਰੀ ਦੇ ਅਧਾਰ ਉਤੇ ਹੀ ਬਾਅਦ ਵਿਚ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ। ਉਸ ਨੂੰ ਪੁਲਿਸ ਸੁਰੱਖਿਆ ਮਿਲੀ ਹੋਈ ਹੈ। ਇਸ ਤੋਂ ਬਾਅਦ ਪਹਿਲਾਂ ਚੰਡੀਗੜ੍ਹ ਵਿੱਚ ਹੋਮਗਾਰਡ ਅਤੇ ਬਾਅਦ ਵਿੱਚ ਪੰਜਾਬ ਵਿੱਚ ਕਾਂਸਟੇਬਲ ਵਜੋਂ ਨੌਕਰੀ ਕੀਤੀ।