ਤਰਨਤਾਰਨ | ਸ਼ਨੀਵਾਰ ਰਾਤ ਜੰਡਿਆਲਾ ਗੁਰੂ ਮਾਰਗ ‘ਤੇ ਨਾਕਾਬੰਦੀ ਦੌਰਾਨ ਕਾਰ ਸਵਾਰ 2 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 4 ਕਿਲੋ ਹੈਰੋਇਨ, 2.60 ਲੱਖ ਰੁਪਏ ਦੀ ਡਰੱਗ ਮਨੀ ਅਤੇ 2 ਪਿਸਤੌਲਾਂ ਬਰਾਮਦ ਕੀਤੀਆਂ, ਜਿਨ੍ਹਾਂ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।
ਦੱਸ ਦਈਏ ਕਿ ਐਸ.ਪੀ. ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਦੀ ਅਗਵਾਈ ਹੇਠ CIA ਸਟਾਫ਼ ਇੰਚਾਰਜ ਇੰਸਪੈਕਟਰ ਪਰਭਜੀਤ ਸਿੰਘ ਨੇ ਜੰਡਿਆਲਾ ਗੁਰੂ ਮਾਰਗ ‘ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜੰਡਿਆਲਾ ਗੁਰੂ ਵੱਲੋਂ ਚਿੱਟੇ ਰੰਗ ਦੀ ਕਾਰ ਨੂੰ ਰੋਕਿਆ ਗਿਆ। ਕਾਰ ਵਿਚ ਸਵਾਰ 2 ਵਿਅਕਤੀਆਂ ਨੇ ਪੁਲਿਸ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕੀਤੀ। ਮੌਕੇ ‘ਤੇ ਪੁਲਿਸ ਨੇ ਦੋਵਾਂ ਨੂੰ ਘੇਰ ਕੇ ਤਲਾਸ਼ੀ ਲਈ ਤੇ 4 ਕਿਲੋ ਹੈਰੋਇਨ, 2.60 ਲੱਖ ਰੁਪਏ ਦੀ ਡਰੱਗ ਮਨੀ, 2 ਪਿਸਤੌਲ (45 ਬੋਰ) ਅਤੇ 18 ਕਾਰਤੂਸ ਬਰਾਮਦ ਹੋਏ।
ਇਨ੍ਹਾਂ 2 ਸਮੱਗਲਰਾਂ ਦੀ ਪਛਾਣ ਸੁਰਜੀਤ ਸਿੰਘ ਉਰਫ ਸ਼ੀਰਾ ਅਤੇ ਗਗਨਦੀਪ ਸਿੰਘ ਉਰਫ ਗਗਨ ਦੋਵੇਂ ਵਾਸੀ ਪਿੰਡ ਧੁੰਨਾਂ ਵਾਲਾ ਵਜੋਂ ਹੋਈ ਹੈ। ਐਸਐਸਪੀ ਨੇ ਦੱਸਿਆ ਕਿ ਇਹ ਦੋਵੇਂ ਤਸਕਰ ਵੱਖ-ਵੱਖ ਮਾਮਲਿਆਂ ਵਿਚ ਭਗੌੜੇ ਸਨ। ਇਹ ਹੈਰੋਇਨ ਪਾਕਿਸਤਾਨ ਤੋਂ ਮੰਗਵਾ ਕੇ ਦੇਸ਼ ਭਰ ਵਿਚ ਸਪਲਾਈ ਕੀਤੀ ਜਾਂਦੀ ਸੀ। ਦੋਵਾਂ ਖ਼ਿਲਾਫ਼ ਥਾਣਾ ਸਦਰ ਤਰਨਤਾਰਨ ਵਿਚ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਬਾਅਦ ਦੁਪਹਿਰ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।