ਚੰਡੀਗੜ੍ਹ| ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਤੋਂ ਇੱਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਕਈ ਵੱਡੇ ਖੁਲਾਸੇ ਕੀਤੇ ਹਨ। ਲਾਰੈਂਸ ਬਿਸ਼ਨੋਈ ਨੇ ਜਿੱਥੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਅਤੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਬਾਰੇ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਦੱਸੀਆਂ, ਉੱਥੇ ਹੀ ਉਨ੍ਹਾਂ ਨੇ ਆਪਣੀ ਜ਼ਿੰਦਗੀ ਬਾਰੇ ਵੀ ਕਾਫੀ ਕੁਝ ਦੱਸਿਆ।
ਗੱਲਬਾਤ ਦੌਰਾਨ ਲਾਰੈਂਸ ਨੇ ਦੱਸਿਆ ਕਿ ਉਸ ਨੂੰ ਜ਼ਬਰਦਸਤੀ ਗੈਂਗਸਟਰ ਬਣਾਇਆ ਗਿਆ ਸੀ। ਉਸ ਨੇ ਦੱਸਿਆ ਕਿ ਅੱਜ ਤੱਕ ਉਸ ‘ਤੇ ਕਿਸੇ ਵੀ ਮਾਮਲੇ ‘ਚ ਦੋਸ਼ ਸਾਬਤ ਨਹੀਂ ਹੋਇਆ ਪਰ ਫਿਰ ਵੀ ਉਹ 9 ਸਾਲਾਂ ਤੋਂ ਬਿਨਾਂ ਕਿਸੇ ਸਜ਼ਾ ਦੇ ਜੇਲ੍ਹ ‘ਚ ਬੰਦ ਹੈ।
ਉਸਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਉਤੇ ਵੀ ਕਿਹਾ ਕਿ ਉਸਨੂੰ ਸਿੱਧੂ ਦੇ ਕਤਲ ਦੀ ਪੂਰੀ ਜਾਣਕਾਰੀ ਸੀ ਪਰ ਉਸਦਾ ਸਿੱਧੂ ਦੇ ਕਤਲ ਵਿੱਚ ਕੋਈ ਹੱਥ ਨਹੀਂ। ਉਸਨੇ ਇਹ ਵੀ ਕਿਹਾ ਕਿ ਇਸਦੀ ਸਾਰੀ ਪਲੈਨਿੰਗ ਵਿਦੇਸ਼ ਬੈਠੇ ਗੋਲਡੀ ਬਰਾੜ ਦੀ ਸੀ।
ਜਦੋਂ ਲਾਰੈਂਸ ਨੂੰ ਗੈਂਗਸਟਰ ਬਣਨ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਨਹੀਂ ਸੋਚਿਆ ਸੀ ਕਿ ਉਹ ਗੈਂਗਸਟਰ ਬਣ ਜਾਵੇਗਾ। ਉਹ ਚੰਡੀਗੜ੍ਹ ਯੂਨੀਵਰਸਿਟੀ ਦਾ ਵਿਦਿਆਰਥੀ ਸੀ ਅਤੇ ਉੱਥੋਂ ਦੀ ਰਾਜਨੀਤੀ ਵਿੱਚ ਸਰਗਰਮ ਸੀ। ਜਿਵੇਂ ਕਿ ਕਾਲਜ ਦੇ ਦਿਨਾਂ ਵਿਚ ਹੁੰਦਾ ਹੈ ਵਿਰੋਧੀਆਂ ਨਾਲ ਲੜਾਈ ਹੋਈ ਵਿੱਚ ਪੁਲਿਸ ਨੇ ਉਸਨੂੰ ਜੇਲ੍ਹ ਵਿੱਚ ਡੱਕ ਦਿੱਤਾ। ਉਦੋਂ ਤੋਂ ਮੈਂ ਜੇਲ੍ਹ ਵਿੱਚ ਹਾਂ। ਜਦੋਂ ਉਸ ਨੂੰ ਜੇਲ੍ਹ ਭੇਜਿਆ ਗਿਆ ਤਾਂ ਵਿਦਿਆਰਥੀ ਲਿਖ ਕੇ ਹੀ ਭੇਜਿਆ ਗਿਆ। ਮੇਰੀ ਚਾਰਜਸ਼ੀਟ ‘ਤੇ ਵੀ ਸਟੂਡੈਂਟ ਹੀ ਲਿਖਿਆ ਗਿਆ ਸੀ। ਗੈਂਗਸਟਰ ਫਿਰ ਜੇਲ੍ਹ ‘ਚ ਬਣਾ ਦਿੱਤਾ ਗਿਆ।
ਲਾਰੈਂਸ ਨੇ ਦੱਸਿਆ ਕਿ ਜਦੋਂ ਮੈਂ ਜੇਲ੍ਹ ਵਿੱਚ ਸੀ ਤਾਂ ਮੇਰੇ ਆਪਣੇ ਕਈ ਲੋਕਾਂ ਨੂੰ ਵਿਰੋਧੀ ਗੈਂਗ ਨੇ ਮਾਰ ਦਿੱਤਾ ਸੀ। ਪੁਲਿਸ ਨੇ ਇਨ੍ਹਾਂ ਮਾਮਲਿਆਂ ਵਿੱਚ ਕੁਝ ਨਹੀਂ ਕੀਤਾ। ਸਟੂਡੈਂਟ ਲਾਈਫ ਵਿੱਚ ਸਰਕਲ ਸੀ, ਜਦੋਂ ਪੁਲਿਸ ਨੇ ਇਨ੍ਹਾਂ ਸਾਰਿਆ ਨੂੰ ਕੰਟਰੋਲ ਨਹੀਂ ਕੀਤਾ ਤਾਂ ਅਸੀਂ ਖੁਦ ਹਥਿਆਰ ਚੁੱਕ ਲਏ। ਆਪਣਿਆਂ ਦਾ ਬਦਲਾ ਲੈਣ ਲਈ ਗਲਤ ਰਸਤਿਆਂ ‘ਤੇ ਤੁਰ ਪਏ। ਮੇਰੇ ਸਾਥੀਆਂ ਨੇ ਬਦਲਾ ਲਿਆ।
ਅਸੀਂ ਹੁਣ ਵੀ ਗੈਂਗਵਾਰ ਨਹੀਂ ਕਰ ਰਹੇ। ਜਾਣਬੁੱਝ ਕੇ ਮਾਹੌਲ ਖਰਾਬ ਨਹੀਂ ਕਰ ਰਹੇ। ਜਦੋਂ ਸਾਡੇ ਆਪਣਿਆਂ ਦਾ ਕਤਲ ਹੁੰਦਾ ਹੈ ਤਾਂ ਉਸ ਦਾ ਬਦਲਾ ਲੈਣ ਲਈ ਅਸੀਂ ਮਰਡਰ ਕਰਦੇ ਹਾਂ। ਸਿੱਧੂ ਮੂਸੇਵਾਲਾ ਕੇਸ ਵਿੱਚ ਵੀ ਇਹੀ ਗੱਲ ਸੀ। ਉਸ ਦਾ ਹੱਥ ਸਾਡੇ ਦੋ ਕਰੀਬੀ ਲੋਕਾਂ ਨੂੰ ਮਰਵਾਉਣ ਵਿੱਚ ਸੀ, ਮੇਰੇ ਸਾਥੀਆਂ ਨੇ ਉਸੇ ਦਾ ਬਦਲਾ ਲਿਆ।
ਜਦੋਂ ਲਾਰੈਂਸ ਤੋਂ ਉਸ ਦਾ ਮਕਸਦ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਸਾਡਾ ਕੋਈ ਅਜਿਹਾ ਖਾਸ ਮਕਸਦ ਨਹੀਂ ਹੈ। ਅਸੀਂ ਗਲਤ ਹਾਂ, ਇਹ ਅਸੀਂ ਜਾਣਦੇ ਹਾਂ। ਅਸੀਂ ਇਸ ਦੀ ਸਜ਼ਾ ਵੀ ਭੁਗਤ ਰਹੇ ਹਾਂ। ਸਾਡਾ ਕੋਈ ਮਕਸਦ ਪਹਿਲਾਂ ਵੀ ਨਹੀਂ ਸੀ ਅਤੇ ਹੁਣ ਵੀ ਨਹੀਂ ਹੈ। ਜਦੋਂ ਤੱਕ ਸਾਡੇ ਭਰਾ ਲੋਕ ਨਹੀਂ ਮਰੇ ਸਨ ਉਦੋਂ ਤੱਕ ਕੁਝ ਗਲਤ ਨਹੀਂ ਕੀਤਾ ਸੀ। ਜਦੋਂ ਸਾਡੇ ਭਰਾਵਾਂ ਦਾ ਮਰਡਰ ਹੋਇਆ ਤਾਂ ਕੀ ਕਰੀਏ। ਮੇਰੇ ਭੂਆ ਦੇ ਮੁੰਡਿਆਂ ਨੂੰ ਵਿਰੋਧੀ ਗੈਂਗ ਨੇ ਮਰਵਾਇਆ। ਇਸ ਤੋਂ ਬਾਅਦ ਸਾਡੇ ਕੁਝ ਹੋਰ ਕਰੀਬੀ ਮਾਰੇ ਗਏ। ਆਪਣਿਆਂ ਦਾ ਬਦਲਾ ਲੈਣ ਲਈ ਇਹ ਸਭ ਕੀਤਾ।
ਭਗਤ ਸਿੰਘ ਦੀ ਟੀ-ਸ਼ਰਟ ਅਤੇ ਧਰਮ-ਕਰਮ, ਫਿਰ ਕ੍ਰਾਈਮ ਕਿਉਂ? ਇਸ ਸਵਾਲ ਦੇ ਜਵਾਬ ਵਿੱਚ ਲਾਰੈਂਸ ਨੇ ਕਿਹਾ ਕਿ ਮੈਂ ਹੀ ਨਹੀਂ, ਸਗੋਂ ਮੇਰੇ ਗੈਂਗ ਦੇ ਕਈ ਮੈਂਬਰ ਭਗਤ ਸਿੰਘ ਦੀ ਟੀ-ਸ਼ਰਟ ਪਹਿਨਦੇ ਹਾਂ। ਅਸੀਂ ਲੋਕ ਪਹਿਲਾਂ ਪੇਸ਼ੀ ‘ਤੇ ਵੀ ਇਨ੍ਹਾਂ ਨੂੰ ਪਾ ਕੇ ਜਾਂਦੇ ਸੀ ਪਰ ਪੁਲਿਸ ਵਾਲੇ ਪਾਉਣ ਨਹੀਂ ਦਿੰਦੇ। ਹੁਣ ਅਸੀਂ ਜੇਲ੍ਹ ਦੇ ਅੰਦਰ ਹੀ ਅਜਿਹੀ ਟੀ-ਸ਼ਰਟ ਪਹਿਨਦੇ ਹਾਂ।
ਲਾਰੈਂਸ ਨੇ ਕਿਹਾ ਕਿ ਜੋ ਪ੍ਰਭੂ ਦੀ ਮਰਜ਼ੀ ਹੋਵੇ ਉਸ ‘ਤੇ ਪਛਤਾਵਾ ਨਹੀਂ ਕਰਨਾ ਚਾਹੀਦਾ। ਭਗਵਾਨ ਨੇ ਜੋ ਪਛਾਣ ਦੇ ਦਿੱਤੀ ਉਸ ਦਾ ਬੁਰਾ ਨਹੀਂ ਮਨਾਉਂਦੇ। ਉਹ ਸਾਡੇ ਤੋਂ ਕੁਝ ਕਰਾਉਣਾ ਚਾਹੁੰਦੇ ਹੋਣਗੇ। ਇਸ ਲਈ ਜੋ ਹੈ, ਉਸ ਦਾ ਪਛਤਾਵਾ ਨਹੀਂ ਹੈ, ਅਸੀਂ ਗਲਤ ਹਾਂ, ਇਸ ਲਈ 9 ਸਾਲ ਤੋਂ ਜੇਲ੍ਹ ਵਿੱਚ ਹਾਂ ਅਤੇ ਗਲਤ ਹੋਣ ਦੀ ਸਜ਼ਾ ਕੱਟ ਰਹੇ ਹਾਂ।