ਅੰਮ੍ਰਿਤਸਰ| ਅੰਮ੍ਰਿਤਸਰ ‘ਚ 20 ਸਾਲਾ ਲੜਕੀ ਨੇ ਬਦਮਾਸ਼ਾਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਲੜਕੀ ਵੱਲੋਂ 25 ਫਰਵਰੀ ਨੂੰ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਤੋਂ ਬਾਅਦ ਲੜਕੀ 15 ਦਿਨਾਂ ਤੱਕ ਹਸਪਤਾਲ ‘ਚ ਮੌਤ ਨਾਲ ਲੜਦੀ ਰਹੀ ਪਰ ਸ਼ਨੀਵਾਰ ਸ਼ਾਮ ਨੂੰ ਬੱਚੀ ਦੀ ਮੌਤ ਹੋ ਗਈ। ਪੁਲਿਸ ਨੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਟਨਾ ਅੰਮ੍ਰਿਤਸਰ ਦੇ ਅਜਨਾਲਾ ਅਧੀਨ ਪੈਂਦੇ ਪਿੰਡ ਡੱਬਰ ਬਸਤੀ ਦੀ ਹੈ। 20 ਸਾਲਾ ਲੜਕੀ ਰੋਜ਼ਾਨਾ ਪਿੰਡ ਤੋਂ ਅਜਨਾਲਾ ਕੰਮ ਲਈ ਆਉਂਦੀ ਸੀ। ਰਸਤੇ ਵਿੱਚ ਪਿੰਡ ਦੇ ਤਿੰਨ ਨੌਜਵਾਨ ਉਸ ‘ਤੇ ਭੱਦੇ ਕਮੈਂਟ ਕਰਦੇ ਜਿਸ ਕਾਰਨ ਲੜਕੀ ਬਹੁਤ ਪ੍ਰੇਸ਼ਾਨ ਰਹਿੰਦੀ ਸੀ। ਕਈ ਮਹੀਨਿਆਂ ਤੱਕ ਲੜਕੀ ਤਿੰਨਾਂ ਨੌਜਵਾਨਾਂ ਦੀਆਂ ਗੱਲਾਂ ਸੁਣਦੀ ਰਹੀ। ਉਹ ਉਸ ਨੂੰ ਵਾਰ-ਵਾਰ ਗਲਤ ਕੰਮ ਕਰਨ ਲਈ ਪਰੇਸ਼ਾਨ ਕਰ ਰਹੇ ਸਨ। ਖੁਦਕੁਸ਼ੀ ਕਰਨ ਤੋਂ ਪਹਿਲਾਂ ਲੜਕੀ ਨੇ ਪਰਿਵਾਰ ਨੂੰ ਇਸ ਦੀ ਸੂਚਨਾ ਦਿੱਤੀ।
ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੜਕੀ ਨੇ 25 ਫਰਵਰੀ ਤੋਂ ਪਹਿਲਾਂ ਸਾਰਾ ਮਾਮਲਾ ਪਰਿਵਾਰ ਦੇ ਸਾਹਮਣੇ ਰੱਖਿਆ ਸੀ। ਇਸ ਤੋਂ ਪਹਿਲਾਂ ਕਿ ਪਰਿਵਾਰ ਕੋਈ ਕਦਮ ਚੁੱਕਦਾ, ਲੜਕੀ ਨੇ 25 ਫਰਵਰੀ ਨੂੰ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਜਾਨ ਬਚ ਗਈ। ਘਟਨਾ ਤੋਂ ਤੁਰੰਤ ਬਾਅਦ ਪਰਿਵਾਰ ਵਾਲੇ ਲੜਕੀ ਨੂੰ ਲੈ ਕੇ ਹਸਪਤਾਲ ਪੁੱਜੇ ਪਰ ਸ਼ਨੀਵਾਰ ਦੇਰ ਸ਼ਾਮ ਲੜਕੀ ਦੀ ਮੌਤ ਹੋ ਗਈ।
ਉਧਰ ਲੜਕੀ ਦੀ ਮੌਤ ਤੋਂ ਬਾਅਦ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਲਏ ਹਨ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਨੇ ਤਿੰਨ ਲੋਕਾਂ ਦੇ ਨਾਮ ਦੱਸੇ ਹਨ। ਇਸ ਮੌਕੇ ਥਾਣਾ ਅਜਨਾਲਾ ਤੋਂ ਪੁਲਿਸ ਅਧਿਕਾਰੀ ਰਤਨ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਪਹਿਲਾਂ ਹੀ ਮਾਮਲਾ ਦਰਜ ਕਰ ਲਿਆ ਗਿਆ ਸੀ ਹੁਣ ਲੜਕੀ ਦੀ ਮੌਤ ਹੋਣ ਤੋਂ ਬਾਅਦ ਜੁਰਮ ‘ਚ ਵਾਧਾ ਕੀਤਾ ਜਾਵੇਗਾ ਅਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।