ਸ੍ਰੀ ਅਨੰਦਪੁਰ ਸਾਹਿਬ| ਹੋਲਾ ਮਹੱਲਾ ਵਿਚ ਕਤਲ ਹੋਏ ਨੌਜਵਾਨ ਦੇ ਮਾਮਲੇ ਨਾਲ ਜੁੜੀ ਵੱਡੀ ਖਬਰ ਹੈ। ਇਸ ਮਾਮਲੇ ‘ਚ ਨਾਮਜ਼ਦ ਨਿਰੰਜਨ ਸਿੰਘ ਦੇ ਘਰਦਿਆਂ ਨੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਵੀ ਇਲਜ਼ਾਮ ਲਾਏ ਜਾ ਰਹੇ ਨੇ ਉਹ ਗਲਤ ਹਨ।
ਨਿਰੰਜਨ ਦੇ ਪਰਿਵਾਰ ਨੇ ਕਿਹਾ ਕਿ ਸਾਰਿਆਂ ਨੂੰ ਪ੍ਰਦੀਪ ਨਾਲ ਹਮਦਰਦੀ ਹੈ ਪਰ ਉਨ੍ਹਾਂ ਦੇ ਪਰਿਵਾਰ ਦਾ ਇਕੋ ਇਕ ਕਮਾਉਣ ਵਾਲਾ ਵੀ ਇਸ ਘਟਨਾ ‘ਚ ਜ਼ਖਮੀ ਹੋਇਆ ਹੈ ਉਸਦੀ ਹਾਲਤ ਬਹੁਤ ਗੰਭੀਰ ਹੈ।
ਉਸਦੀ ਪਤਨੀ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਨਿਰੰਜਨ ਦੇ ਦੋਵੇਂ ਹੱਥ ਵੱਢ ਦਿੱਤੇ ਗਏ ਸਨ, ਜਿਸਦੇ ਹੱਥ ਵੱਢੇ ਗਏ ਹੋਣ ਉਹ ਕਿਸੇ ਨੂੰ ਕੀ ਮਾਰ ਸਕਦਾ ਹੈ। ਉਨ੍ਹਾਂ ਦੀ ਪਤਨੀ ਦਾ ਕਹਿਣਾ ਹੈ ਕਿ ਸਿਰਫ ਇਕ ਪੱਖ ਹੀ ਨਾ ਵੇਖਿਆ ਜਾਵੇ ਦੂਜੇ ਪੱਖ ਦੀ ਵੀ ਸੁਣੀ ਜਾਵੇ ਤੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।






































