ਪੰਜਾਬ ‘ਚ MD ਤੇ MBBS ਦੇ ਵਿਦਿਆਰਥੀਆਂ ਲਈ ਸਰਕਾਰੀ ਨੌਕਰੀ ਕਰਨਾ ਲਾਜ਼ਮੀ : ਸਿਹਤ ਮੰਤਰੀ

0
323

ਚੰਡੀਗੜ੍ਹ | ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਹੈ ਕਿ 2020 ਤੋਂ ਐਮ.ਡੀ ਅਤੇ ਐਮ.ਬੀ.ਬੀ.ਐਸ ਪਾਸ ਕਰਨ ਵਾਲੇ ਵਿਦਿਆਰਥੀਆਂ ਤੋਂ ਸਰਕਾਰੀ ਸੇਵਾਵਾਂ ਲਈਆਂ ਜਾ ਰਹੀਆਂ ਹਨ। ਸਾਲ 2020 ਤੋਂ ਹੁਣ ਤੱਕ 701 ਐਮਡੀ ਪਾਸ ਵਿਦਿਆਰਥੀ ਸਰਕਾਰੀ ਹਸਪਤਾਲਾਂ ‘ਚ ਸੇਵਾਵਾਂ ਦੇ ਚੁੱਕੇ ਹਨ। ਇਸ ਦੇ ਨਾਲ ਹੀ 57 ਡਾਕਟਰਾਂ ਤੋਂ ਸਰਕਾਰ ਨੂੰ ਸੇਵਾ ਨਾ ਦੇਣ ਦੇ ਦੋਸ਼ ਹੇਠ 6,47,17140 ਰੁਪਏ ਵਸੂਲੇ ਗਏ ਹਨ।

ਸਿਹਤ ਮੰਤਰੀ ਬਲਬੀਰ ਸਿੰਘ ਨੇ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸਦਨ ‘ਚ ਪ੍ਰਸ਼ਨ ਕਾਲ ਦੌਰਾਨ ‘ਆਪ’ ਵਿਧਾਇਕ ਦਿਨੇਸ਼ ਚੱਢਾ ਦੇ ਸਵਾਲ ਦਾ ਜਵਾਬ ਦਿੱਤਾ। ਉਨ੍ਹਾਂ ਦੱਸਿਆ ਕਿ ਜਿਹੜੇ ਵਿਦਿਆਰਥੀ ਐਮ.ਡੀ ‘ਚ ਦਾਖ਼ਲਾ ਲੈਂਦੇ ਹਨ, ਉਨ੍ਹਾਂ ਤੋਂ ਬਾਂਡ ਭਰਵਾਇਆ ਜਾਂਦਾ ਹੈ। ਸਰਕਾਰੀ ਮੈਡੀਕਲ ਕਾਲਜਾਂ ‘ਚ ਹਰ ਸਾਲ 380 ਵਿਦਿਆਰਥੀ ਪੀ.ਜੀ.ਕੋਰਸ ਪਾਸ ਕਰਦੇ ਹਨ ਪਰ ਬਾਂਡ ਦੀ ਸ਼ਰਤ ਅਨੁਸਾਰ ਉਹ ਸਰਕਾਰੀ ਹਸਪਤਾਲਾਂ ‘ਚ ਸੇਵਾਵਾਂ ਨਹੀਂ ਦੇ ਰਹੇ ਸਨ ਅਤੇ ਡਿਗਰੀ ਲੈਣ ਤੋਂ ਬਾਅਦ ਪ੍ਰਾਈਵੇਟ ਹਸਪਤਾਲ ਦਾ ਰੁਖ ਕਰਦੇ ਹਨ। ਇਹ ਸ਼ਰਤ 2020 ਤੋਂ ਪੂਰੀ ਕਰਵਾਈ ਜਾ ਰਹੀ ਹੈ।

ਉਨ੍ਹਾਂ ਮੰਨਿਆ ਕਿ ਸੂਬੇ ਦੇ ਵੱਖ-ਵੱਖ ਹਸਪਤਾਲਾਂ ‘ਚ ਮਾਹਿਰ ਡਾਕਟਰਾਂ ਦੀ ਘਾਟ ਹੈ। ਸਰਕਾਰ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਹਸਪਤਾਲਾਂ ਦਾ ਡਾਟਾ ਤਿਆਰ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਲੋੜ ਅਨੁਸਾਰ ਸਾਰੇ ਹਸਪਤਾਲਾਂ ‘ਚ ਮਾਹਿਰ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ। ਇਸ ਦੌਰਾਨ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ‘ਚ ਕੋਈ ਡਾਕਟਰ ਨਾ ਹੋਣ ਦੀ ਗੱਲ ਕਹੀ। ਉਨ੍ਹਾਂ ਦੱਸਿਆ ਕਿ ਡਾਕਟਰਾਂ ਦੀਆਂ ਸੱਤ ਅਸਾਮੀਆਂ ਮਨਜ਼ੂਰ ਹਨ। ਇਸ ‘ਤੇ ਸਿਹਤ ਮੰਤਰੀ ਨੇ ਕਿਹਾ ਕਿ ਉਹ ਇਸ ਦੀ ਜਾਂਚ ਕਰਵਾਉਣਗੇ ਅਤੇ ਜਲਦੀ ਹੀ ਡਾਕਟਰਾਂ ਦੀ ਨਿਯੁਕਤੀ ਕਰ ਦਿੱਤੀ ਜਾਵੇਗੀ।

ਮਾਨਸਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਪੰਜਾਬ ‘ਚ ਕੈਂਸਰ ਦੇ ਮਰੀਜ਼ਾਂ ਨੂੰ ਦਵਾਈਆਂ ਲੈਣ ਲਈ ਬਠਿੰਡਾ, ਸੰਗਰੂਰ ਜਾਂ ਚੰਡੀਗੜ੍ਹ ਪੀਜੀਆਈ ਜਾਣਾ ਪੈਂਦਾ ਹੈ। ਇਹ ਉਨ੍ਹਾਂ ਨੂੰ ਪਰੇਸ਼ਾਨ ਕਰਦਾ ਹੈ। ਅਜਿਹੀ ਸਥਿਤੀ ‘ਚ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੈਂਸਰ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਸੇਵਾਦਾਰਾਂ ਲਈ ਮੁਫ਼ਤ ਪਾਸ ਜਾਰੀ ਕਰੇ। ਇਸ ‘ਤੇ ਸਿਹਤ ਮੰਤਰੀ ਨੇ ਕਿਹਾ ਕਿ ਇਸ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ।