ਬੈਲਜੀਅਮ | ਇਥੇ 5 ਬੱਚਿਆਂ ਦੀ ਹੱਤਿਆ ਕਰਨ ਵਾਲੀ ਮਾਂ ਨੂੰ ਇੱਛਾ ਅਨੁਸਾਰ ਮੌਤ ਦਿੱਤੀ ਗਈ ਹੈ। ਦੱਸ ਦਈਏ ਕਿ 16 ਸਾਲ ਪਹਿਲਾਂ 28 ਫਰਵਰੀ 2007 ਨੂੰ ਜੇਨੇਵੀਵ ਹਰਮਿਟ ਨਾਂ ਦੀ ਔਰਤ ਨੇ ਰਸੋਈ ਦੇ ਚਾਕੂ ਨਾਲ ਗਲਾ ਵੱਢ ਕੇ ਇਕ ਪੁੱਤਰ ਅਤੇ 4 ਧੀਆਂ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਖ਼ੁਦ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਗਈ।
ਉਸ ਦੇ ਮਨੋਵਿਗਿਆਨੀ ਨੇ ਦੱਸਿਆ ਕਿ ਉਸ ਨੇ ਆਪਣੇ ਬੱਚਿਆਂ ਦੇ ਕਤਲ ਦੀ ਤਰੀਕ 28 ਫਰਵਰੀ ਨੂੰ ਇੱਛਾ ਮੌਤ ਮੰਗੀ। ਇਸ ਦੌਰਾਨ ਉਹ ਆਪਣੇ ਬੱਚਿਆਂ ਨੂੰ ਮਾਰਨ ਦਾ ਪਛਤਾਵਾ ਜ਼ਾਹਿਰ ਕਰਨਾ ਚਾਹੁੰਦੀ ਸੀ। ਮੀਡੀਆ ਰਿਪੋਰਟ ਅਨੁਸਾਰ ਹਰਮਿਟ ਨੇ ਆਪਣੇ ਬੱਚਿਆਂ ਨੂੰ ਮਾਰਨ ਲਈ ਸੁਪਰਮਾਰਕੀਟ ਤੋਂ ਚਾਕੂ ਚੋਰੀ ਕੀਤੇ ਸਨ। ਉਸ ਨੇ ਅਦਾਲਤ ਨੂੰ ਦੱਸਿਆ ਕਿ ਘਰ ਵਿਚ ਬੱਚਿਆਂ ਨਾਲ ਉਸ ਦਾ ਦਮ ਘੁੱਟਦਾ ਸੀ, ਇਸ ਲਈ ਮੈਂ ਮਾਰ ਦਿੱਤਾ। ਉਸ ਨੂੰ 2007 ਵਿਚ ਆਪਣੇ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ 2008 ਵਿਚ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ।
ਸਜ਼ਾ ਦੇ ਖਿਲਾਫ ਸੁਣਵਾਈ ਦੌਰਾਨ ਉਸ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਉਹ ਮਾਨਸਿਕ ਰੋਗੀ ਹੈ, ਇਸ ਲਈ ਉਸ ਨੂੰ ਜੇਲ ਨਾ ਭੇਜਿਆ ਜਾਵੇ। ਹਾਲਾਂਕਿ ਜਿਊਰੀ ਨੇ ਸਹਿਮਤੀ ਦਿੱਤੀ ਕਿ ਉਸ ਨੇ ਆਪਣੇ ਬੱਚਿਆਂ ਦੇ ਕਤਲ ਦੀ ਯੋਜਨਾ ਬਣਾਈ ਸੀ ਅਤੇ ਉਸ ਨੂੰ ਅੰਜਾਮ ਦਿੱਤਾ ਸੀ। ਇਸ ਲਈ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
4 ਸਾਲ ਪਹਿਲਾਂ ਉਸ ਨੂੰ ਇਲਾਜ ਲਈ ਮਾਨਸਿਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਇਸ ਦੌਰਾਨ ਹਰਮਿਟ ਨੇ ਆਪਣੇ ਮਨੋਵਿਗਿਆਨੀ ਤੋਂ 25 ਕਰੋੜ ਰੁਪਏ ਮੁਆਵਜ਼ੇ ਵਜੋਂ ਮੰਗੇ ਸਨ। ਉਸ ਦੇ ਵਕੀਲ ਨੇ ਦਾਅਵਾ ਕੀਤਾ ਕਿ ਉਹ ਆਪਣੇ ਬੱਚਿਆਂ ਨੂੰ ਮਾਰਨ ਤੋਂ ਪਹਿਲਾਂ ਮਾਨਸਿਕ ਇਲਾਜ ਕਰਵਾ ਰਹੀ ਸੀ। ਜੋ ਕਿ ਕਾਰਗਰ ਸਾਬਤ ਨਹੀਂ ਹੋਇਆ, ਜਿਸ ਕਾਰਨ ਉਹ ਆਪਣੇ ਆਪ ‘ਤੇ ਕਾਬੂ ਨਾ ਰੱਖ ਸਕੀ ਅਤੇ ਇਸ ਕਤਲ ਨੂੰ ਅੰਜਾਮ ਦਿੱਤਾ।
ਇਕ ਰਿਪੋਰਟ ਅਨੁਸਾਰ ਸਾਲ 2022 ਵਿਚ ਬੈਲਜੀਅਮ ਵਿਚ 2,966 ਲੋਕਾਂ ਨੂੰ ਇੱਛਾ ਮੌਤ ਦਿੱਤੀ ਗਈ। ਰਿਪੋਰਟਾਂ ਮੁਤਾਬਕ ਕੈਂਸਰ ਤੋਂ ਪੀੜਤ ਜ਼ਿਆਦਾਤਰ ਲੋਕ ਇੱਛਾ ਮੌਤ ਦੀ ਮੰਗ ਕਰਦੇ ਹਨ। ਇਸ ਤੋਂ ਇਲਾਵਾ ਬੈਲਜੀਅਮ ‘ਚ ਉਨ੍ਹਾਂ ਲੋਕਾਂ ਨੂੰ ਵੀ ਇਸ ਤਰ੍ਹਾਂ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਮਾਨਸਿਕ ਰੋਗਾਂ ਕਾਰਨ ਜੀਣ ਦੀ ਇੱਛਾ ਪੂਰੀ ਤਰ੍ਹਾਂ ਤਿਆਗ ਦਿੱਤੀ ਹੈ। ਹਰਮਿਟ ਦੀ ਮੌਤ ਤੋਂ ਬਾਅਦ ਬੁੱਧਵਾਰ ਨੂੰ ਸਸਕਾਰ ਕਰ ਦਿੱਤਾ ਗਿਆ।