ਲੁਧਿਆਣਾ ‘ਚ ਗਾਹਕਾਂ ਨੂੰ ਲੈ ਕੇ 2 ਮੈਡੀਕਲ ਸਟੋਰ ਵਾਲੇ ਆਪਸ ‘ਚ ਭਿੱੜੇ, ਕੈਂਚੀ ਨਾਲ ਇਕ ਦਾ ਵੱਢਿਆ ਗਿਆ ਕੰਨ

0
358

ਲੁਧਿਆਣਾ | ਡੀਐਮਸੀ ਹਸਪਤਾਲ ਦੇ ਬਾਹਰ 2 ਮੈਡੀਕਲ ਸਟੋਰ ਸੰਚਾਲਕਾਂ ਵਿੱਚ ਝੜਪ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗਾਹਕਾਂ ਨੂੰ ਲੈ ਕੇ 2 ਦੁਕਾਨਦਾਰਾਂ ‘ਚ ਝਗੜਾ ਹੋ ਗਿਆ ਹੈ ਪਰ ਇਕ ਧਿਰ ਦਾ ਕਹਿਣਾ ਹੈ ਕਿ ਇਹ ਗਾਹਕਾਂ ਨੂੰ ਲੈ ਕੇ ਝਗੜਾ ਨਹੀਂ ਸਗੋਂ ਪੁਰਾਣੀ ਦੁਸ਼ਮਣੀ ਦਾ ਮਾਮਲਾ ਹੈ। ਦੁਕਾਨਦਾਰ ਨੇ ਦੋਸ਼ ਲਾਇਆ ਹੈ ਕਿ ਦੂਜੇ ਧਿਰ ਨੇ ਕੈਂਚੀ ਨਾਲ ਹਮਲਾ ਕਰ ਕੇ ਉਸ ਦੇ ਭਰਾ ਦਾ ਕੰਨ ਵੱਢ ਦਿੱਤਾ ਅਤੇ ਕੁੱਟਮਾਰ ਕੀਤੀ।

ਹਸਪਤਾਲ ਦੇ ਬਾਹਰ ਹੰਗਾਮਾ ਹੁੰਦਾ ਦੇਖ ਲੋਕਾਂ ਨੇ ਤੁਰੰਤ ਪੁਲਿਸ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਜ਼ਖਮੀ ਨੌਜਵਾਨ ਮਨੀ ਨੇ ਦੱਸਿਆ ਕਿ ਉਹ ਪਹਿਲਾਂ ਪਾਇਲ ਮੈਡੀਕਲ ਵਿਖੇ ਕੰਮ ਕਰਦਾ ਸੀ। ਹੁਣ ਉਸ ਨੇ ਆਪਣਾ ਕਾਰੋਬਾਰ ਸਥਾਪਤ ਕਰ ਲਿਆ ਹੈ ਅਤੇ ਹਸਪਤਾਲ ਦੇ ਨੇੜੇ ਦੁਕਾਨ ਖੋਲ੍ਹ ਲਈ ਹੈ। ਇਸ ਕਾਰਨ ਇਲਾਕੇ ਦੇ ਹੋਰ ਦੁਕਾਨਦਾਰਾਂ ਨੇ ਉਸ ਨਾਲ ਦੁਸ਼ਮਣੀ ਰੱਖਣੀ ਸ਼ੁਰੂ ਕਰ ਦਿੱਤੀ ਹੈ।

ਬੀਤੇ ਦਿਨ ਉਸ ਦੀ ਦੁਕਾਨ ‘ਤੇ ਕਾਫੀ ਗਾਹਕ ਸਨ। ਦੁਕਾਨ ‘ਤੇ ਗਾਹਕਾਂ ਨੂੰ ਦੇਖ ਕੇ ਦੂਜੇ ਪਾਸੇ ਦੇ ਦੁਕਾਨਦਾਰ ਨਾਲ ਦੁਸ਼ਮਣੀ ਸ਼ੁਰੂ ਹੋ ਗਈ, ਜਿਸ ਕਾਰਨ ਉਨ੍ਹਾਂ ਨੇ ਉਸ ਦੀ ਦੁਕਾਨ ‘ਤੇ ਹਮਲਾ ਕਰ ਦਿੱਤਾ। ਸੰਨੀ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਦੇ ਭਰਾ ਅਤੇ ਉਸ ਦੀ ਕਾਫੀ ਕੁੱਟਮਾਰ ਕੀਤੀ।

ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਝੜਪ
ਦੂਜੇ ਪਾਸੇ ਬਾਕੀ ਦੁਕਾਨਦਾਰ ਦੱਸ ਰਹੇ ਹਨ ਕਿ ਇਹ ਕੋਈ ਪੁਰਾਣੀ ਦੁਸ਼ਮਣੀ ਦਾ ਨਹੀਂ ਸਗੋਂ ਗਾਹਕਾਂ ਦਾ ਮਾਮਲਾ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ‘ਚ ਦੋਵਾਂ ਧਿਰਾਂ ਦੀ ਝੜਪ ਕੈਦ ਹੋ ਗਈ ਹੈ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਫੁਟੇਜ ਕਬਜ਼ੇ ‘ਚ ਲੈ ਲਈ ਹੈ। ਪੁਲਿਸ ਅਨੁਸਾਰ ਦੋਵੇਂ ਧਿਰਾਂ ਦੇ ਲੋਕਾਂ ਦੇ ਹੋਸ਼ ਆਉਣ ’ਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ।