ਲੁਧਿਆਣਾ | ਇਥੋਂ ਇਕ ਸ਼ਾਤਿਰਾਨਾ ਢੰਗ ਨਾਲ ਸਵਾਰੀਆਂ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਬਜ਼ੁਰਗ ਵਿਅਕਤੀ ਨੂੰ ਨਿਸ਼ਾਨਾ ਬਣਾਉਂਦਿਆਂ ਆਟੋ ਗਿਰੋਹ ਦੇ ਮੈਂਬਰਾਂ ਨੇ ਬਲੇਡ ਨਾਲ ਜੇਬ ਕੱਟੀ ਤੇ 30 ਹਜ਼ਾਰ ਰੁਪਏ ਦੀ ਨਕਦੀ ਕੱਢ ਲਈ। ਥਾਣਾ ਡਵੀਜ਼ਨ ਨੰ. 5 ਦੀ ਪੁਲਿਸ ਨੇ ਰਾਮ ਨਗਰ ਦੇ ਰਹਿਣ ਵਾਲੇ ਖਰੈਤੀ ਲਾਲ ਨਾਰੰਗ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਹੈ ਤੇ ਮੁਹੱਲਾ ਨਾਨਕਸਰ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਅਤੇ ਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।
ਬਜ਼ੁਰਗ ਖਰੈਤੀ ਲਾਲ 70 ਸਾਲ ਨੇ ਦੱਸਿਆ ਕਿ ਉਹ ਬੈਂਕ ਤੋਂ ਪੈਨਸ਼ਨ ਲੈਣ ਲਈ ਆਏ ਸਨ। ਪੈਨਸ਼ਨ ਲੈਣ ਤੋਂ ਬਾਅਦ ਉਨ੍ਹਾਂ ਨੇ ਇਕ ਆਟੋ ਕੀਤਾ। ਬਜ਼ੁਰਗ ਨੇ ਕਿਹਾ ਕਿ ਆਟੋ ਦੀ ਪਿਛਲੀ ਸੀਟ ‘ਤੇ ਪਹਿਲਾਂ ਤੋਂ ਹੀ ਇਕ ਨੌਜਵਾਨ ਬੈਠਾ ਸੀ। ਆਟੋ ਚਾਲਕ ਨੇ ਵਾਰ-ਵਾਰ ਬ੍ਰੇਕ ਮਾਰਨੀ ਸ਼ੁਰੂ ਕਰ ਦਿੱਤੀ। ਜਦੋਂ ਪੈਂਟ ਦੀ ਜੇਬ ‘ਚੋਂ ਨਕਦੀ ਕੱਢਣ ਲੱਗੇ ਤਾਂ ਬਲੇਡ ਵੱਜਾ ਹੋਇਆ ਸੀ।
ਆਟੋ ਚਾਲਕ ਅਤੇ ਉਸ ਦਾ ਸਾਥੀ ਉਨ੍ਹਾਂ ਦੇ 30 ਹਜ਼ਾਰ ਰੁਪਏ ਜੇਬ ਕੱਟ ਕੇ ਲੈ ਗਏ ਸਨ। ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ ਗੈਂਗ। ਪੁਲਿਸ ਦਾ ਕਹਿਣਾ ਹੈ ਕਿ ਤਫਤੀਸ਼ ਦੌਰਾਨ ਮੁਲਜ਼ਮਾਂ ਕੋਲੋਂ ਕਈ ਖੁਲਾਸੇ ਹੋ ਸਕਦੇ ਹਨ।