ਇੰਗਲੈਂਡ ਜਾਣ ਦਾ ਕਹਿ ਕੇ ਘਰੋਂ ਗਈ ਪਤਨੀ, ਪਰੇਸ਼ਾਨ ਪਤੀ ਨੇ ਦਿੱਤੀ ਜਾਨ

0
873

ਫਿਰੋਜ਼ਪੁਰ | ਪਿੰਡ ਮਨਸੂਰਵਾਲ ਖੁਰਦ ‘ਚ ਪਤਨੀ ਤੋਂ ਤੰਗ ਆ ਕੇ ਇਕ ਵਿਅਕਤੀ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਬੁੱਧਵਾਰ ਨੂੰ ਦੋਸ਼ੀ ਪਤਨੀ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਦੀ ਮਾਤਾ ਹਰਜਿੰਦਰ ਕੌਰ ਪਤਨੀ ਜਗਜੀਤ ਸਿੰਘ ਵਾਸੀ ਮਨਸੂਰਵਾਲ ਖੁਰਦ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਛੋਟੇ ਲੜਕੇ ਜਸਪ੍ਰੀਤ ਸਿੰਘ ਦਾ ਵਿਆਹ ਸਾਲ 2018 ਵਿੱਚ ਅਮਨਦੀਪ ਕੌਰ ਵਾਸੀ ਮਨਸੂਰਵਾਲ ਕਲਾਂ (ਜ਼ੀਰਾ) ਨਾਲ ਹੋਇਆ ਸੀ। ਕਰੀਬ 7 ਮਹੀਨੇ ਪਹਿਲਾਂ ਅਮਨਦੀਪ ਕੌਰ ਨੇ ਆਪਣੇ ਪਤੀ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਇੰਗਲੈਂਡ ਚਲੀ ਜਾਵੇਗੀ, ਉੱਥੇ ਜਾਣ ਦਾ ਸਾਰਾ ਖਰਚਾ ਉਸ ਦੀ ਮਾਂ ਚੁੱਕੇਗੀ।

ਉਸ ਨੇ ਤਿੰਨ ਮਹੀਨੇ ਪਹਿਲਾਂ ਕਿਹਾ ਸੀ ਕਿ ਉਸ ਦਾ ਇੰਗਲੈਂਡ ਜਾਣ ਦਾ ਵੀਜ਼ਾ ਲੱਗ ਗਿਆ ਹੈ ਅਤੇ ਉਹ ਜਾ ਰਹੀ ਹੈ। ਅਮਨਦੀਪ ਕੌਰ ਜਸਪ੍ਰੀਤ ਨੂੰ ਦੱਸਦੀ ਹੈ ਕਿ ਉਹ ਇੰਗਲੈਂਡ ਪਹੁੰਚ ਗਈ ਹੈ। ਪਤਨੀ ਦੀਆਂ ਗੱਲਾਂ ‘ਤੇ ਸ਼ੱਕ ਕਰਨ ‘ਤੇ ਜਸਪ੍ਰੀਤ ਨੇ ਇੰਗਲੈਂਡ ਤੋਂ ਵੀਡੀਓ ਕਾਲ ਕਰਨ ਲਈ ਕਿਹਾ ਤਾਂ ਉਹ ਕੰਨੀ ਕਤਰਾਉਣ ਲੱਗੀ। ਪਤਨੀ ਦੀ ਇਸ ਹਰਕਤ ਕਾਰਨ ਜਸਪ੍ਰੀਤ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗਾ। ਉਸ ਨੇ ਘਰ ਦੇ ਇਕ ਕਮਰੇ ‘ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੂਜੇ ਪਾਸੇ ਥਾਣਾ ਜ਼ੀਰਾ ਸਦਰ ਦੀ ਪੁਲਿਸ ਨੇ ਹਰਜਿੰਦਰ ਕੌਰ ਦੇ ਬਿਆਨਾਂ ’ਤੇ ਮੁਲਜ਼ਮ ਪਤਨੀ ਅਮਨਦੀਪ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।