ਪੰਜਾਬ ਸਰਕਾਰ ਸੂਬੇ ਦੇ ਹੋਰ 3 ਟੋਲ ਪਲਾਜ਼ੇ ਅੱਜ ਰਾਤ 12 ਵਜੇ ਤੋਂ ਬਾਅਦ ਕਰੇਗੀ ਬੰਦ

0
361

ਚੰਡੀਗੜ੍ਹ| ਪੰਜਾਬ ਸਰਕਾਰ ਸੂਬੇ ਦੇ ਰਾਜ ਮਾਰਗਾਂ ‘ਤੇ ਲੱਗੇ ਟੋਲ ਪਲਾਜ਼ਿਆਂ ਨੂੰ ਹੌਲੀ-ਹੌਲੀ ਬੰਦ ਕਰ ਰਹੀ ਹੈ। ਇਸ ਸਿਲਸਿਲੇ ‘ਚ ਅਗਲਾ ਨੰਬਰ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦੇ ਤਿੰਨ ਟੋਲ ਪਲਾਜ਼ਿਆਂ ਦਾ ਹੈ। ਅੱਜ ਰਾਤ ਤੋਂ ਹੀ ਸਰਕਾਰ ਹੁਸ਼ਿਆਰਪੁਰ ਦੇ ਨੰਗਲ ਸ਼ਹੀਦਾਂ, ਮਾਨਗੜ੍ਹ ਦੇ ਮਜਾਰੀ ਟੋਲ ਪਲਾਜ਼ਾ ਅਤੇ ਨਵਾਂਸ਼ਹਿਰ ਨੂੰ ਬੰਦ ਕਰ ਰਹੀ ਹੈ। ਇਹ ਫੈਸਲਾ ਦੋ ਦਿਨ ਪਹਿਲਾਂ ਸਰਕਾਰ ਨੇ ਲਿਆ ਸੀ।

ਤਿੰਨੇ ਟੋਲ ਪਲਾਜ਼ੇ ਰੋਹਨ ਰਾਜਦੀਪ ਦੀ ਇੱਕੋ ਕੰਪਨੀ ਦੇ ਹਨ ਅਤੇ ਸਰਕਾਰ ਨੇ ਕੰਪਨੀ ਨੂੰ ਟ੍ਰਿਪਲ ਪੀ ਭਾਵ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਬਿਲਟ, ਓਪਰੇਟ ਅਤੇ ਟ੍ਰਾਂਸਫਰ ਮੋਡ ‘ਤੇ ਦਿੱਤਾ ਸੀ। ਕੰਪਨੀ ਦਾ ਠੇਕਾ ਅੱਜ ਖਤਮ ਹੋ ਗਿਆ ਹੈ ਅਤੇ ਅੱਧੀ ਰਾਤ 12 ਤੋਂ ਉਨ੍ਹਾਂ ਦੀ ਕੋਈ ਪਰਚੀ ਨਹੀਂ ਕੱਟੀ ਜਾਵੇਗੀ। ਹੁਣ ਸਰਕਾਰ ਖੁਦ ਇਸ ਸੜਕ ਦੀ ਦੇਖਭਾਲ ਕਰੇਗੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਮਹੀਨੇ ਵੀ ਆਪਣੀ ਹੁਸ਼ਿਆਰਪੁਰ ਫੇਰੀ ਦੌਰਾਨ ਤਿੰਨ ਟੋਲ ਪਲਾਜ਼ੇ ਬੰਦ ਕਰ ਦਿੱਤੇ ਸਨ। ਬਲਾਚੌਰ ਤੋਂ ਦਸੂਹਾ ਤੱਕ 104.96 ਕਿਲੋਮੀਟਰ ਦੇ ਰਸਤੇ ‘ਤੇ ਹੁਣ ਲੋਕਾਂ ਨੂੰ ਕਿਸੇ ਕਿਸਮ ਦਾ ਟੋਲ ਨਹੀਂ ਦੇਣਾ ਪਵੇਗਾ। ਇਸ ਮਾਰਗ ’ਤੇ ਪਹਿਲਾਂ ਲੋਕਾਂ ਦੀਆਂ ਜੇਬਾਂ ’ਤੇ ਪਏ ਬੋਝ ਤੋਂ ਹੁਣ ਪੂਰੀ ਤਰ੍ਹਾਂ ਰਾਹਤ ਮਿਲ ਗਈ ਹੈ।

ਜਿਸ ਤਰ੍ਹਾਂ ਸਰਕਾਰ ਸਮਾਂ ਪੂਰਾ ਹੋਣ ਤੋਂ ਬਾਅਦ ਟੋਲ ਪਲਾਜ਼ਾ ਕੰਪਨੀਆਂ ਨੂੰ ਹੋਰ ਵਾਧਾ ਨਹੀਂ ਦੇ ਰਹੀ ਅਤੇ ਲਗਾਤਾਰ ਟੋਲ ਬੰਦ ਕਰ ਰਹੀ ਹੈ, ਹੁਣ ਸੂਬੇ ‘ਚ ਸਿਰਫ਼ ਨੈਸ਼ਨਲ ਹਾਈਵੇਅ ਅਥਾਰਟੀ ਦੇ ਟੋਲ ਪਲਾਜ਼ੇ ਹੀ ਰਹਿ ਜਾਣਗੇ। ਵੈਸੇ ਵੀ ਸੂਬੇ ਦੇ ਟੋਲ ਪਲਾਜ਼ੇ ਇੰਨੇ ਮਹਿੰਗੇ ਨਹੀਂ ਸਨ ਪਰ ਨੈਸ਼ਨਲ ਹਾਈਵੇਅ ਦੇ ਟੋਲ ਪਲਾਜ਼ੇ ਸਭ ਤੋਂ ਮਹਿੰਗੇ ਹਨ।