ਕੋਰੋਨਾ ਦਾ ਕਹਿਰ : ਤਬਲੀਗੀ ਸਮਾਗਮ ‘ਚ ਸ਼ਾਮਲ ਸਨ ਪੰਜਾਬ ਦੇ 9 ਲੋਕ

0
913

ਨਵੀਂ ਦਿੱਲੀ . ਦੱਖਣੀ ਦਿੱਲੀ ਦੇ ਨਿਜ਼ਾਮੂਦੀਨ ਸਥਿਤ ਮਰਕਜ਼ ਵਿੱਚੋਂ ਬਾਹਰ ਕੱਢੇ ਵਿਅਕਤੀਆਂ ’ਚੋਂ ਵੱਡੀ ਗਿਣੀ ਨੂੰ ਕਰੋਨਾਵਾਇਰਸ ਹੋਣ ਦੀ ਪੁਸ਼ਟੀ ਮਗਰੋਂ ਮਰਕਜ਼ ਦੇ ਮੌਲਾਨਾ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਅਪਰਾਧ ਸ਼ਾਖਾ ਨੂੰ ਸੌਂਪ ਦਿੱਤੀ ਗਈ ਹੈ। ਵੱਡੇ ਫਿਕਰ ਵਾਲੀ ਗੱਲ ਇਹ ਵੀ ਹੈ ਕਿ ਧਾਰਮਿਕ ਇਕੱਤਰਤਾ ਵਿੱਚ ਪੰਜਾਬ ਤੋਂ 9 ਲੋਕ ਸ਼ਾਮਲ ਹੋਏ ਸਨ। ਪੰਜਾਬ ਵਿੱਚ ਪਹਿਲਾਂ ਹੀ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਰੋਜ਼ਾਨਾ ਵਧ ਰਹੀ ਹੈ।

ਪੰਜਾਬ ਸਰਕਾਰ ਲਈ ਇਨ੍ਹਾਂ 9 ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਜਾਂਚ ਕਰਵਾਉਣਾ ਕੋਈ ਸੌਖਾ ਕੰਮ ਨਹੀਂ ਹੋਵੇਗਾ। ਮਰਕਜ਼ ਨਿਜ਼ਾਮੂਦੀਨ ਵਿੱਚ ਸ਼ਾਮਲ ਹੋਏ ਹਰਿਆਣਾ ਨਾਲ ਸਬੰਧਤ 18 ਤੋਂ 22 ਲੋਕਾਂ ਦੀ ਤਲਾਸ਼ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ’ਚ ਵਿੱਢ ਦਿੱਤੀ ਗਈ ਹੈ। ਇਸ ਦੌਰਾਨ ਸਰਕਾਰ ਨੇ ਮੱਧ ਮਾਰਚ ਵਿੱਚ ਕੌਮੀ ਰਾਜਧਾਨੀ ਦੇ ਨਿਜ਼ਾਮੂਦੀਨ ਖੇਤਰ ਵਿੱਚ ਹੋਈ ਇਸ ਵੱਡੀ ਧਾਰਮਿਕ ਇਕੱਤਰਤਾ ’ਚ ਸ਼ਮੂਲੀਅਤ ਕਰਨ ਵਾਲਿਆਂ ਦਾ ਖੁਰਾ-ਖੋਜਾ ਲਾਉਣ ਲਈ ਦੇਸ਼ ਪੱਧਰੀ ਤਲਾਸ਼ੀ ਮੁਹਿੰਮ ਵਿੱਢ ਦਿੱਤੀ ਹੈ।

ਜਾਣਕਾਰੀ ਅਨੁਸਾਰ ਨਿਜ਼ਾਮੂਦੀਨ ਵਿੱਚ ਹੋਏ ਤਬਲੀਗੀ ਜਮਾਤ ਦੇ ਇਸ ਇਕੱਠ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ ਸਨ, ਜੋ ਮਗਰੋਂ ਤਿਲੰਗਾਨਾ, ਪੱਛਮੀ ਬੰਗਾਲ, ਕਰਨਾਟਕ ਤੇ ਗੁਜਰਾਤ ਸਮੇਤ ਹੋਰਨਾਂ ਰਾਜਾਂ ਵਿੱਚ ਪਰਤ ਗਏ। ਹੁਣ ਇਨ੍ਹਾਂ ਰਾਜਾਂ ਵਿੱਚ ਮਿਲੇ ਕੋਵਿਡ-19 ਕੇਸਾਂ ਨੂੰ ਤਬਲੀਗੀ ਜਮਾਤ ਨਾਲ ਜੋੜ ਕੇ ਵੇਖਿਆ ਜਾ ਰਿਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਸ ਸਾਲ ‘ਤਬਲੀਗ’ ਵੱਲੋਂ ਕਰਵਾਈਆਂ ਸਰਗਰਮੀਆਂ ਵਿੱਚ 2100 ਦੇ ਕਰੀਬ ਵਿਦੇਸ਼ੀਆਂ ਨੇ ਸ਼ਿਰਕਤ ਕੀਤੀ ਹੈ ਤੇ ਇਨ੍ਹਾਂ ਵਿੱਚੋਂ ਬਹੁਤੇ ਇੰਡੋਨੇਸ਼ੀਆ, ਮਲੇਸ਼ੀਆ, ਥਾਈਲੈਂਡ, ਨੇਪਾਲ, ਮਿਆਂਮਾਰ, ਬੰਗਲਾਦੇਸ਼, ਸ੍ਰੀਲੰਕਾ ਤੇ ਕਿਰਗਿਜ਼ਸਤਾਨ ਨਾਲ ਸਬੰਧਤ ਸਨ।

ਮੰਤਰਾਲੇ ਨੇ ਕਿਹਾ ਕਿ ਹੁਣ ਤਕ 2137 ਅਜਿਹੇ ਲੋਕਾਂ ਦੀ ਪਛਾਣ ਹੋ ਗਈ ਹੈ, ਜਿਨ੍ਹਾਂ ਦਾ ਮੈਡੀਕਲ ਮੁਆਇਨਾ ਕਰਵਾਉਣ ਮਗਰੋਂ ਇਕਾਂਤਵਾਸ ’ਚ ਭੇਜ ਦਿੱਤਾ ਗਿਆ ਹੈ। ਕਈਆਂ ਦੀ ਸ਼ਨਾਖਤ ਅਜੇ ਬਾਕੀ ਹੈ। ਪੱਛਮੀ ਬੰਗਾਲ, ਅਸਾਮ ਤੇ ਮਨੀਪੁਰ ਸਮੇਤ ਹੋਰਨਾਂ ਰਾਜ ਸਰਕਾਰਾਂ ਨੇ ਨਿਜ਼ਾਮੂਦੀਨ ਸਮਾਗਮ ’ਚ ਸ਼ਾਮਲ ਲੋਕਾਂ ਦੀ ਪਛਾਣ ਲਈ ਮੁਹਿੰਮ ਵਿੱਢ ਦਿੱਤੀ ਹੈ। ਕਰਨਾਟਕ ਤੇ ਹਿਮਾਚਲ ਪ੍ਰਦੇਸ਼ ਤੋਂ ਕ੍ਰਮਵਾਰ 54 ਤੇ 17 ਲੋਕਾਂ ਦੇ ਧਾਰਮਿਕ ਇਕੱਤਰਤਾ ’ਚ ਸ਼ਾਮਲ ਹੋਣ ਦੀਆਂ ਰਿਪੋਰਟਾਂ ਹਨ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।