ਬਰਨਾਲਾ | ਇਥੋਂ ਦੇ ਪਿੰਡ ਮੌੜ ਪਟਿਆਲਾ ਦੇ ਇਕ ਨੌਜਵਾਨ ਦੀ ਪਿੰਡ ਭਗਤਪੁਰਾ ਵਿਖੇ ਵਿਆਹ ਵਾਲੇ ਘਰ ਲੜੀਆਂ ਲਾਉਂਦੇ ਕਰੰਟ ਲੱਗਣ ਨਾਲ ਮੌਤ ਹੋ ਗਈ। ਇਸ ਸਬੰਧੀ ਥਾਣਾ ਸ਼ਹਿਣਾ ਦੇ ਹੌਲਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਹਿੰਦਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਮੌੜ ਪਟਿਆਲਾ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ ਛੋਟਾ ਲੜਕਾ ਟੈਂਟ ਦੀ ਦੁਕਾਨ ‘ਤੇ ਪਿਛਲੇ ਕਰੀਬ 2 ਸਾਲ ਤੋਂ ਕੰਮ ਕਰਦਾ ਸੀ ਤੇ ਨਾਲ ਵਿਆਹਾਂ ‘ਚ ਲੜੀਆਂ ਪਾਉਣ ਦਾ ਕੰਮ ਵੀ ਕਰਦਾ ਸੀ।
ਲੰਘੇ ਸੋਮਵਾਰ ਨੂੰ ਉਸ ਦਾ ਲੜਕਾ ਰੇਸ਼ਮ ਸਿੰਘ, ਕੁਲਵਿੰਦਰ ਸਿੰਘ ਨਾਲ ਪਿੰਡ ਭਗਤਪੁਰਾ ਮੌੜ ਵਿਖੇ ਬੰਸਾ ਸਿੰਘ ਦੇ ਘਰ ਲੜੀਆਂ ਪਾਉਣ ਲਈ ਗਏ ਸਨ ਤਾਂ ਉਸ ਦੇ ਵੱਡੇ ਲੜਕੇ ਅਮਰੀਕ ਸਿੰਘ ਨੂੰ ਕੁਲਵਿੰਦਰ ਸਿੰਘ ਨੇ ਫੋਨ ‘ਤੇ ਦੱਸਿਆ ਕਿ ਰੇਸ਼ਮ ਨੂੰ ਲੜੀਆਂ ਦਾ ਜੋੜ ਲਗਾਉਂਦੇ ਸਮੇਂ ਕਰੰਟ ਲੱਗ ਗਿਆ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਲੈ ਕੇ ਜਾ ਰਹੇ ਹਾਂ। ਜਦੋਂ ਉਹ ਆਪਣੇ ਵੱਡੇ ਲੜਕੇ ਅਮਰੀਕ ਸਿੰਘ ਨਾਲ ਸਿਵਲ ਹਸਪਤਾਲ ਬਰਨਾਲਾ ਪੁੱਜੇ ਤਾਂ ਡਾਕਟਰ ਨੇ ਉਸ ਦੇ ਲੜਕੇ ਨੂੰ ਅੱਗੇ ਰੈਫਰ ਕਰ ਦਿੱਤਾ। ਉਹ ਪਟਿਆਲਾ ਜਾ ਰਹੇ ਸਨ ਤਾਂ ਪਿੰਡ ਧਨੌਲਾ ਕੋਲ ਪੁੱਜਣ ‘ਤੇ ਉਸ ਦਾ ਲੜਕਾ ਠੰਡਾ ਹੋ ਗਿਆ।
ਡਾਕਟਰ ਕੋਲ ਲੈ ਕੇ ਗਏ ਤਾਂ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਰੇਸ਼ਮ ਸਿੰਘ ਦੀ ਮੌਤ ਸਬੰਧੀ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਪੂਰੀ ਤਰ੍ਹਾਂ ਪੜਤਾਲ ਕੀਤੀ ਹੈ, ਜਿਸ ‘ਚ ਕਿਸੇ ਦਾ ਕੋਈ ਕਸੂਰ ਨਹੀਂ, ਜਿਸ ਕਰਕੇ ਉਹ ਕਿਸੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਵਾਉਣੀ ਚਾਹੁੰਦੇ।








































