ਨਿੱਜੀ ਹਸਪਤਾਲ ‘ਚ 2 ਸਾਲ ਦੇ ਬੱਚੇ ਦੀ ਮੌਤ, ਪਰਿਵਾਰ ਨੇ ਗਲਤ ਟੀਕਾ ਲਾਉਣ ਦੇ ਡਾਕਟਰਾਂ ‘ਤੇ ਲਾਏ ਦੋਸ਼

0
595

ਗੁਰਦਾਸਪੁਰ | ਇਥੇ ਰੇਲਵੇ ਰੋਡ ‘ਤੇ ਸਥਿਤ ਇਕ ਨਿੱਜੀ ਹਸਪਤਾਲ ‘ਚ ਇਲਾਜ ਦੌਰਾਨ 2 ਸਾਲਾ ਬੱਚੇ ਦੀ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਉਸ ਨੂੰ ਗਲਤ ਟੀਕਾ ਲਗਾਇਆ ਗਿਆ ਸੀ ਅਤੇ ਡਾਕਟਰ ਇਸ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਹਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਬੱਚੇ ਦਾ ਪੋਸਟਮਾਰਟਮ ਕਰਵਾ ਕੇ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ।

ਪਰਿਵਾਰਕ ਮੈਂਬਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦੇ 2 ਸਾਲਾ ਭਤੀਜੇ ਪਵਨਜੋਤ ਨੂੰ ਛਾਤੀ ਵਿਚ ਇਨਫੈਕਸ਼ਨ ਹੋਣ ਕਾਰਨ ਕਰੀਬ 6 ਦਿਨ ਪਹਿਲਾਂ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਬੱਚਾ 2 ਦਿਨਾਂ ਤੋਂ ਠੀਕ ਸੀ। ਉਹ ਛੁੱਟੀ ਦੀ ਮੰਗ ਕਰ ਰਹੇ ਸਨ ਪਰ ਉਨ੍ਹਾਂ ਨੇ ਛੁੱਟੀ ਨਹੀਂ ਦਿੱਤੀ। ਸੋਮਵਾਰ ਸ਼ਾਮ ਨੂੰ ਜਦੋਂ ਇੱਕ ਨਰਸ ਨੇ ਟੀਕਾ ਲਗਾਇਆ ਤਾਂ ਬੱਚੇ ਨੇ ਅੱਖਾਂ ਫੇਰ ਲਈਆਂ। ਨਰਸ ਵੀ ਇਕਦਮ ਕਮਰੇ ਤੋਂ ਭੱਜ ਗਈ।

ਘਟਨਾ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਅੱਜ ਪੋਸਟਮਾਰਟਮ ਕੀਤਾ ਜਾਵੇਗਾ। ਪੋਸਟਮਾਰਟਮ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਹਸਪਤਾਲ ਦੇ ਡਾਕਟਰ ਅਮਿਤ ਅਗਰਵਾਲ ਨੇ ਦੱਸਿਆ ਕਿ ਬੱਚੇ ਨੂੰ ਛਾਤੀ ਵਿੱਚ ਇਨਫੈਕਸ਼ਨ ਹੋਣ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਬੱਚੇ ਨੂੰ ਨਿਮੋਨੀਆ ਵੀ ਪਾਇਆ ਗਿਆ। ਬੱਚਾ ਠੀਕ ਹੋਣ ਲੱਗਾ ਸੀ। ਉਸ ਨੂੰ ਆਈਸੀਯੂ ਤੋਂ ਵਾਰਡ ‘ਚ ਸ਼ਿਫਟ ਕੀਤਾ ਗਿਆ ਸੀ ਪਰ ਸੋਮਵਾਰ ਨੂੰ ਅਚਾਨਕ ਉਸ ਦਾ ਸਾਹ ਰੁਕਣਾ ਸ਼ੁਰੂ ਹੋ ਗਿਆ ਅਤੇ ਉਸ ਦਾ ਦਿਲ ਫੇਲ ਹੋ ਗਿਆ।

ਇਸ ਦੇ ਨਾਲ ਹੀ ਡਾਕਟਰ ਨੇ ਟੀਕਾ ਲਗਾਉਣ ਵਾਲੀ ਗੱਲ ਤੋਂ ਵੀ ਇਨਕਾਰ ਕੀਤਾ ਅਤੇ ਕਿਹਾ ਕਿ ਉਸ ਨੂੰ ਅਜੇ ਤੱਕ ਟੀਕਾ ਨਹੀਂ ਲਗਾਇਆ ਗਿਆ ਸੀ। ਇਸ ਤੋਂ ਪਹਿਲਾਂ ਵੀ ਬੱਚੇ ਦਾ ਦਿਲ ਫੇਲ ਹੋ ਗਿਆ ਸੀ। ਉਸ ਨੂੰ ਸੀਪੀਆਰ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਠੀਕ ਨਹੀਂ ਹੋਇਆ।