ਜਲੰਧਰ : ਧਾਰਮਿਕ ਪੋਸਟਰ ਪਾੜਨ ‘ਤੇ ਸਿੱਖ ਸੰਗਤ ‘ਚ ਰੋਸ, ਦਿੱਤਾ ਧਰਨਾ

0
512

ਜਲੰਧਰ | ਪੰਜਾਬ ਦੇ ਜਲੰਧਰ ‘ਚ ਧਾਰਮਿਕ ਪੋਸਟਰ ਪਾੜਨ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਿਚ ਫਲੈਕਸ ਬੋਰਡ ਲਗਾਏ ਗਏ, ਜਿਸ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਪਾੜ ਦਿੱਤਾ ਗਿਆ। ਰੋਸ ਵਿਚ ਆ ਕੇ ਸਿੱਖ ਸੰਗਤਾਂ ਨੇ ਦੇਰ ਰਾਤ ਆਰਿਆ ਨਗਰ ਨਹਿਰ ਦੀ ਪੁਲੀ ’ਤੇ ਧਰਨਾ ਦੇ ਦਿੱਤਾ। ਇਸ ਵਿਚ ਔਰਤਾਂ ਵੀ ਸ਼ਾਮਲ ਸਨ। ਸਾਰਿਆਂ ਨੇ ਪੁਲੀ ‘ਤੇ ਬੈਠ ਕੇ ਸਤਿਨਾਮ ਸ੍ਰੀ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ।


ਸਿੱਖ ਸੰਗਤਾਂ ਨੇ ਕਿਹਾ ਕਿ ਸਾਜ਼ਿਸ਼ ਤਹਿਤ ਧਾਰਮਿਕ ਪੋਸਟਰ ਪਾੜਨਾ ਵੀ ਬੇਅਦਬੀ ਹੈ। ਇਸ ਸਬੰਧੀ ਸਵੇਰੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਬੋਰਡ ਗਾਇਬ ਹੋਣ ਤੋਂ ਬਾਅਦ ਵੀ ਥਾਣਾ ਬਸਤੀ ਬਾਵਾ ਖੇਲ ਨੂੰ ਦੱਸਿਆ ਗਿਆ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਸਿੱਖ ਸੰਗਤਾਂ ਨੇ ਕਿਹਾ ਕਿ ਉਨ੍ਹਾਂ ਕੋਲ ਘਟਨਾ ਦੀ ਸਾਰੀ ਸੀਸੀਟੀਵੀ ਫੁਟੇਜ ਵੀ ਹੈ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਜੇਕਰ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਸੰਘਰਸ਼ ਦਾ ਰਾਹ ਅਖਤਿਆਰ ਕਰਨ ਲਈ ਮਜਬੂਰ ਹੋ ਸਕਦੇ ਹਨ।


ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਹਰ ਸਾਲ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਗੁਰੂਘਰ ਵਿਚ ਮਨਾਇਆ ਜਾਂਦਾ ਹੈ। ਇਸ ਸਬੰਧੀ ਫਲੈਕਸ ਬੋਰਡ ਵੀ ਲਗਾਏ ਜਾਂਦੇ ਹਨ ਪਰ ਇਸ ਵਾਰ ਸ਼ਰਾਰਤੀ ਅਨਸਰਾਂ ਨੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼ ਤਹਿਤ ਪਹਿਲੇ ਪੋਸਟਰ ਤੋਂ ਗੁਰੂਘਰ ਦੇ ਗ੍ਰੰਥੀ ਦੀ ਫੋਟੋ ਕੱਟ ਦਿੱਤੀ ਹੈ। ਇਸ ਮਾਮਲੇ ਸਬੰਧੀ ਜਦੋਂ ਰੋਸ ਪ੍ਰਗਟਾਇਆ ਗਿਆ ਤਾਂ ਸ਼ਰਾਰਤੀ ਅਨਸਰਾਂ ਨੇ ਸ਼ਾਮ ਨੂੰ ਫਲੈਕਸ ਬੋਰਡ ਗਾਇਬ ਕਰ ਦਿੱਤਾ।
ਸ਼ਰਾਰਤੀ ਅਨਸਰ ਸੀਸੀਟੀਵੀ ਵਿਚ ਕੈਦ ਹੋ ਗਏ ਹਨ।