ਮੱਧ ਪ੍ਰਦੇਸ਼। ਬਾਗੇਸ਼ਵਰ ਧਾਮ ਵਾਲੇ ਬਾਬਾ ਆਚਾਰੀਆ ਧੀਰੇਂਦਰ ਸ਼ਾਸਤਰੀ ਦੇ ਕਥਿਤ ਚਮਤਕਾਰਾਂ ਦੀ ਅੱਜ ਕੱਲ੍ਹ ਪੂਰੇ ਮੁਲਕ ‘ਚ ਚਰਚਾ ਹੋ ਰਹੀ ਹੈ। ਬਾਬਾ ਤੇ ਏਬੀਪੀ ਨਿਊਜ਼ ਚੈਨਲ ਦੇ ਇੱਕ ਪੱਤਰਕਾਰ ਦੀ ਵਾਇਰਲ ਹੋ ਰਹੀ ਵੀਡੀਓ ‘ਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਬਾ ਨੇ ਭੀੜ ‘ਚੋਂ ਬੁਲਾ ਕੇ ਪੱਤਰਕਾਰ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਦੱਸੇ।
ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਬਾਬੇ ਨੇ ਇੱਕ ਵਿਅਕਤੀ ਦਾ ਨਾਂ ਲਿਆ ਅਤੇ ਕਿਹਾ ਕਿ ਇਹ ਨਾਂ ਜਿਸ ਦੇ ਚਾਚੇ ਦਾ ਹੈ, ਉਹ ਆ ਜਾਵੇ। ਇਸ ਤੋਂ ਬਾਅਦ ਏਬੀਪੀ ਚੈਨਲ ਦੇ ਪੱਤਰਕਾਰ ਗਿਆਨੇਂਦਰ ਤਿਵਾਰੀ ਮੰਚ ‘ਤੇ ਪਹੁੰਚੇ। ਪੱਤਰਕਾਰ ਨੇ ਸਭ ਤੋਂ ਪਹਿਲਾਂ ਬਾਬਾ ਦੇ ਪੈਰੀਂ ਹੱਥ ਲਾਏ। ਬਾਬਾ ਆਚਾਰੀਆ ਧੀਰੇਂਦਰ ਸ਼ਾਸਤਰੀ ਨੇ ਪੱਤਰਕਾਰ ਦੇ ਭਰਾ ਅਤੇ ਉਸ ਦੀ ਭਤੀਜੀ ਦਾ ਨਾਂ ਦੱਸਿਆ ਜਿਸ ਨੂੰ ਲੋਕ ਚਮਤਕਾਰ ਮੰਨ ਰਹੇ ਹਨ। ਅਸਲ ਗੱਲ ਇਹ ਹੈ ਕਿ ਬਾਬਾ ਨੇ ਪੱਤਰਕਾਰ ਬਾਰੇ ਜੋ ਵੀ ਦੱਸਿਆ, ਉਹ ਜਾਣਕਾਰੀਆਂ ਪਹਿਲਾਂ ਹੀ ਪੱਤਰਕਾਰ ਦੇ ਫੇਸਬੁੱਕ ‘ਤੇ ਮੌਜੂਦ ਹੈ।
ਇਸ ਘਟਨਾ ਬਾਰੇ ਪੱਤਰਕਾਰ ਸਚਿਨ ਸ਼੍ਰੀਵਾਸਤਵ ਨੇ ਫੇਸਬੁੱਕ ‘ਤੇ ਲਿਖਿਆ- ਇਸ ਦਾ ਮਤਲਬ ਇਹ ਨਿਕਲਿਆ ਕਿ ਕਿਸੇ ਦੇ ਵੀ ਫੇਸਬੁੱਕ ਪੇਜ ਤੋਂ ਜਾਣਕਾਰੀ ਦੇਖੋ ਤੇ ਚਮਤਕਾਰ ਕਰ ਦਿਓ? ਕਿੰਨੇ ਸਸਤੇ ਹੋ ਗਏ ਨੇ ਅੱਜਕਲ੍ਹ ਚਮਤਕਾਰ। ਪਰ ਜੇਕਰ ਇਸ ਉਤੇ ਤਾੜੀਆਂ ਵੱਜਣ ਲੱਗ ਜਾਣ ਤਾਂ ਫਿਰ ਫੈਕਟ ਕੌਣ ਦੇਖੇ।
ਚਰਚਾ ਦਾ ਵਿਸ਼ਾ ਇਹ ਹੈ ਕਿ ਕੀ ਕਿਸੇ ਵਿਅਕਤੀ ਬਾਰੇ 4 ਗੱਲਾਂ ਦੱਸ ਦੇਣਾ ਕੋਈ ਚਮਤਕਾਰ ਹੈ? ਅਸਲ ਵਿਚ ਪੱਤਰਕਾਰ ਦੇ ਫੇਸਬੁਕ ਪੇਜ ਉਤੇ ਇਹ ਜਾਣਕਾਰੀ ਜਨਤਕ ਹੈ। ਪੱਤਰਕਾਰ ਗਿਆਨੇਂਦਰ ਦੇ ਫੇਸਬੁੱਕ ਪੇਜ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਭਰਾ ਦਾ ਨਾਂ ਰਾਘਵੇਂਦਰ ਹੈ। ਰਾਘਵੇਂਦਰ ਨੇ ਆਪਣੀ ਬੇਟੀ ਦੀ ਇਕ ਤਸਵੀਰ ਪੋਸਟ ਕੀਤੀ ਹੈ, ਜਿਸ ਉਤੇ ਕਿਸੇ ਨੇ ਕੁਮੈਂਟ ਕੀਤਾ ਹੈ, ਜਿਸ ਤੋਂ ਪਤਾ ਲੱਗਦਾ ਹੈ ਬੇਟੀ ਦਾ ਨਾਂ ਅਵੀਸ਼ੀ ਹੈ।